ਕਿਸਾਨ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਦਾ ਐਲਾਨ, ਪੜ੍ਹੋ ਟ੍ਰੈਕਟਰ ਮਾਰਚ ਤੋਂ ਮਹਾਂਪੰਚਾਇਤ ਤੱਕ ਦੇ ਐਲਾਨ

By  KRISHAN KUMAR SHARMA February 22nd 2024 06:39 PM

ਚੰਡੀਗੜ੍ਹ: ਪੰਜਾਬ-ਹਰਿਆਣਾ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ੁਭਕਰਨ ਦੀ ਹੋਈ ਦਰਦਨਾਕ ਮੌਤ ਦੇ ਸਬੰਧ 'ਚ ਵੀਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿੱਥੇ ਵੱਖ-ਵੱਖ ਸੂਬਿਆਂ ਦੇ ਕਈ ਕਿਸਾਨ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕੀਤਾ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੱਲ 23 ਫਰਵਰੀ ਨੂੰ ਕਾਲੇ ਦਿਨ ਵੱਜੋਂ ਮਨਾਇਆ ਜਾਵੇਗਾ।

23 ਫਰਵਰੀ ਨੂੰ ਖੱਟਰ, ਵਿੱਜ ਅਤੇ ਸ਼ਾਹ ਦੇ ਪੁਤਲੇ ਜਾਣਗੇ ਫੂਕੇ 

ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਕੱਲ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਪੁਤਲੇ ਫੂਕਣਗੀਆਂ। ਕਿਸਾਨ ਆਗੂਆਂ ਨੇ ਪੁਤਲਿਆਂ ਤੋਂ ਇਲਾਵਾ ਉਕਤ ਮੰਤਰੀਆਂ ਦੇ ਅਸਤੀਫੇ ਦੀ ਵੀ ਮੰਗ ਕੀਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ 'ਤੇ ਕੇਸ ਧਾਰਾ 302 ਤਹਿਤ ਪਰਚਾ ਕੀਤੇ ਜਾਣ ਦੀ ਮੰਗ ਕੀਤੀ ਹੈ।

ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ੇ ਦੀ ਮੰਗ

ਬਲਬੀਰ ਸਿੰਘ ਰਾਜੇਵਾਲ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ’ਤੇ ਜ਼ੋਰ ਦਿੱਤਾ। ਉਨ੍ਹਾਂ ਖਨੌਰੀ ਸਰਹੱਦ ’ਤੇ ਕਈ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਸ਼ੁਭਕਰਨ ਸਿੰਘ ਨੂੰ ਇਨਸਾਫ਼ ਲਈ ਆਗੂਆਂ ਵੱਲੋਂ ਇੱਕ 6 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜੋ ਕਿ ਹਨਨਮੌਲਾ, ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਅਤੇ ਉਗਰਾਹਾਂ ਗਰੁੱਪ 'ਤੇ ਆਧਾਰਿਤ ਹੋਵੇਗੀ। ਇਸ ਤੋਂ ਇਲਾਵਾ ਉਸਨੇ 14 ਮਾਰਚ ਨੂੰ ਨਵੀਂ ਦਿੱਲੀ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਇੱਕ ਮਹਾਪੰਚਾਇਤ ਦਾ ਐਲਾਨ ਕੀਤਾ।

26 ਫਰਵਰੀ ਨੂੰ ਟਰੈਕਟਰ ਮਾਰਚ ਦਾ ਐਲਾਨ

ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ 'ਚ ਕਿਸਾਨ 26 ਫਰਵਰੀ ਨੂੰ ਟਰੈਕਟਰ ਮਾਰਚ ਕਰਨਗੇ। ਰਾਕੇਸ਼ ਟਿਕੈਤ ਨੇ 26 ਫਰਵਰੀ ਨੂੰ ਦੇਸ਼ ਵਿਆਪੀ ਟਰੈਕਟਰ ਮਾਰਚ ਦੀ ਯੋਜਨਾ ਵੀ ਸਾਂਝੀ ਕੀਤੀ, ਜਿਸ ਦਾ ਉਦੇਸ਼ ਵਿਸ਼ਵ ਵਪਾਰ ਸੰਗਠਨ ਤੋਂ ਖੇਤੀਬਾੜੀ ਸੈਕਟਰ ਨੂੰ ਹਟਾਉਣ ਦੀ ਵਕਾਲਤ ਕਰਨਾ ਹੈ। ਇਸ ਟਰੈਕਟਰ ਮਾਰਚ ਦੇ ਰਾਜ ਅਤੇ ਰਾਸ਼ਟਰੀ ਰਾਜਮਾਰਗਾਂ ਨੂੰ ਪਾਰ ਕਰਨ ਦੀ ਉਮੀਦ ਹੈ।

ਟਰੈਕਟਰ ਮਾਰਚ ਤੋਂ ਬਾਅਦ ਕਿਸਾਨਾਂ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕਿਸਾਨ ਮਹਾਂਪੰਚਾਇਤ ਕਰਨ ਦਾ ਵੀ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਨਾਲ ਹੀ ਪੁਲਿਸ ਵੱਲੋਂ ਗੋਲੀਆਂ ਚਲਾਉਣ ਦੀ ਵੀ ਜਾਂਚ ਦੀ ਮੰਗ ਕੀਤੀ ਹੈ, ਜਿਸ ਦੇ ਨਤੀਜੇ ਵੱਜੋਂ ਬੀਤੇ ਦਿਨ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਕਿਸਾਨਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਆਰੋਪੀ ਹਾਲੇ ਵੀ ਮੰਤਰੀ ਅਹੁਦਿਆਂ 'ਤੇ ਬੈਠੇ ਹਨ, ਉਨ੍ਹਾਂ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਉਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਯੁੱਧਵੀਰ ਸਿੰਘ ਅਤੇ ਡਾ: ਦਰਸ਼ਨ ਪਾਲ ਹਾਜ਼ਰ ਸਨ।

Related Post