ਸੋਨਮ ਵਾਂਗਚੁਕ ਮੇਦਾਂਤਾ ਸ਼ਿਫਟ, ਭੁੱਖ ਹੜਤਾਲ ਅਜੇ ਵੀ ਜਾਰੀ; ਕੇਂਦਰੀ ਮੰਤਰੀ ਜੇਪੀ ਨੱਡਾ ਤੇ ਜਤਿੰਦਰ ਸਿੰਘ ਨੇ ਕੀਤੀ ਮੁਲਾਕਾਤ

ਕਲਾਈਮੇਟ ਐਕਟੀਵਿਸਟ ਤੇ ਵਿਗਿਆਨੀ ਸੋਨਮ ਵਾਂਗਚੁਕ ਨੂੰ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਗਿਆ।

By  Amritpal Singh July 22nd 2026 09:59 AM

ਕਲਾਈਮੇਟ ਐਕਟੀਵਿਸਟ ਤੇ ਵਿਗਿਆਨੀ ਸੋਨਮ ਵਾਂਗਚੁਕ ਨੂੰ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਗਿਆ। ਇਸ ਵਿਚਕਾਰ ਖ਼ਬਰ ਹੈ ਕਿ ਕੇਂਦਰੀ ਮੰਤਰੀ ਜੇਪੀ ਨੱਡਾ ਤੇ ਜਤਿੰਦਰ ਸਿੰਘ ਨੇ ਵਾਂਗਚੁਕ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਲਈ ਮੇਦਾਂਤਾ ਹਸਪਤਾਲ ਦਾ ਦੌਰਾ ਕੀਤਾ।

ਸੂਤਰਾਂ ਅਨੁਸਾਰ, ਦੋਵਾਂ ਮੰਤਰੀਆਂ ਨੇ ਹਸਪਤਾਲ ‘ਚ ਸੋਨਮ ਵਾਂਗਚੁਕ ਨਾਲ ਗੱਲ ਕੀਤੀ ਤੇ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਇਕੱਠੀ ਕੀਤੀ। ਵਾਂਗਚੁਕ ਨੂੰ ਮੰਗਲਵਾਰ ਸ਼ਾਮ 7:30 ਵਜੇ ਦੇ ਕਰੀਬ ਸਖ਼ਤ ਸੁਰੱਖਿਆ ਹੇਠ ਐਂਬੂਲੈਂਸ ਰਾਹੀਂ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ-8 ‘ਚ ਦਾਖਲ ਕਰਵਾਇਆ ਗਿਆ ਹੈ।

ਹਸਪਤਾਲ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ

ਮੇਦਾਂਤਾ ਹਸਪਤਾਲ ਦੇ ਇੱਕ ਅਧਿਕਾਰੀ ਦੇ ਅਨੁਸਾਰ, ਵਾਂਗਚੁਕ ਦਾ ਇਲਾਜ਼ ਡਾ. ਸੁਸ਼ੀਲਾ ਕਟਾਰੀਆ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।


ਸਥਿਤੀ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਦੀ ਟੀਮ

ਮੰਗਲਵਾਰ (21 ਜੁਲਾਈ) ਨੂੰ, ਦਿੱਲੀ ਹਾਈ ਕੋਰਟ ਨੇ ਸੋਨਮ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਸ਼ਿਫਟ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਮੇਦਾਂਤਾ ਦੇ ਮਾਹਰ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ ਦੀ ਸਥਿਤੀ ਦੀ ਨਿਗਰਾਨੀ ਕਰੇਗੀ। ਇਹ ਹੁਕਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਦੁਆਰਾ ਦਾਇਰ ਪਟੀਸ਼ਨ ‘ਤੇ ਦਿੱਤਾ ਗਿਆ ਸੀ, ਜਿਸ ‘ਚ ਉਨ੍ਹਾਂ ਦੀ ਪਸੰਦ ਦੇ ਹਸਪਤਾਲ ‘ਚ ਇਲਾਜ ਦੀ ਮੰਗ ਕੀਤੀ ਗਈ ਸੀ।


ਅਦਾਲਤ ਨੇ ਕਿਹਾ ਕਿ ਵਾਂਗਚੁਕ ਨੂੰ ਉਨ੍ਹਾਂ ਦੀ ਪਸੰਦ ਦੇ ਹਸਪਤਾਲ ‘ਚ ਤਬਦੀਲ ਕਰਨਾ ਸੰਵਿਧਾਨ ਦੇ ਅਨੁਛੇਦ 19 ਤੇ 21 ਦੇ ਤਹਿਤ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਜ਼ਰੂਰੀ ਸੀ। ਕੇਂਦਰ ਸਰਕਾਰ ਨੇ ਵੀ ਮੇਦਾਂਤਾ ‘ਚ ਤਬਦੀਲ ਕਰਨ ‘ਤੇ ਕੋਈ ਇਤਰਾਜ਼ ਨਹੀਂ ਜਤਾਇਆ।


ਸਫਦਰਜੰਗ ਹਸਪਤਾਲ ਨੇ ਦਿੱਤਾ ਸਿਹਤ ਅਪਡੇਟ

ਸਫਦਰਜੰਗ ਹਸਪਤਾਲ ਦੇ ਅਨੁਸਾਰ, ਵਾਂਗਚੁਕ ਨੂੰ ਸ਼ਾਮ 6:40 ਵਜੇ ਛੁੱਟੀ ਦੇ ਦਿੱਤੀ ਗਈ ਤੇ ਅਦਾਲਤ ਦੇ ਆਦੇਸ਼ ਦੀ ਪਾਲਣਾ ‘ਚ ਮੇਦਾਂਤਾ ਮੈਡੀਕਲ ਟੀਮ ਨੂੰ ਸੌਂਪ ਦਿੱਤਾ ਗਿਆ। ਹਸਪਤਾਲ ਨੇ ਕਿਹਾ ਕਿ ਡਿਸਚਾਰਜ ਦੇ ਸਮੇਂ, ਉਨ੍ਹਾਂ ਦੇ ਸਿਹਤ ਦੇ ਮਹੱਤਵਪੂਰਨ ਮਾਪਦੰਡ ਸਥਿਰ ਸਨ, ਹਾਲਾਂਕਿ ਹਰ ਤਰ੍ਹਾਂ ਦੇ ਖੂਨ ਦੇ ਸੈੱਲਾਂ ਦੀ ਕਮੀ ਬਣੀ ਹੋਈ ਸੀ। ਉਨ੍ਹਾਂ ਦਾ ਸੀਰਮ ਪੋਟਾਸ਼ੀਅਮ ਪੱਧਰ 3.4 mEq/L ਸੀ।


ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਜਾਰੀ

ਸੋਨਮ ਵਾਂਗਚੁਕ 28 ਜੂਨ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਭੱਖ ਹੜਤਾਲ ਦਾ 24ਵਾਂ ਦਿਨ ਸੀ। ਇਸ ਦੌਰਾਨ, ਕਾਕਰੋਚ ਜਨਤਾ ਪਾਰਟੀ (CJP) ਨੇ NEET ਪੇਪਰ ਲੀਕ ਮੁੱਦੇ ‘ਤੇ ਕੇਂਦਰ ਸਰਕਾਰ ਵਿਰੁੱਧ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਜੰਤਰ-ਮੰਤਰ ‘ਤੇ ਡੇਰਾ ਲਾ ਰਹੇ ਹਨ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਲਗਾਤਾਰ ਮੰਗ ਕਰ ਰਹੇ ਹਨ।

Related Post