PTC News
Search
🔍 Search

ਬੇਅਦਬੀ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਲੀ ਕਮੇਟੀ ਦੇ ਦੋ ਮੈਂਬਰਾਂ ’ਤੇ ਧਾਰਮਿਕ ਤੇ ਪੰਥਕ ਗਤੀਵਿਧੀਆਂ ’ਚ ਸ਼ਮੂਲੀਅਤ ’ਤੇ ਰੋਕ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰ ਅਯੋਗ ਕਰਾਰ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ, ਤਿਲਕ ਨਗਰ, ਨਵੀਂ ਦਿੱਲੀ ਵਿਖੇ ਬੀਤੇ ਦਿਨੀਂ 15 ਨਵੰਬਰ ਨੂੰ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ

By  Amritpal Singh November 21st 2026 08:33 PM

ਅੰਮ੍ਰਿਤਸਰ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ, ਤਿਲਕ ਨਗਰ, ਨਵੀਂ ਦਿੱਲੀ ਵਿਖੇ ਬੀਤੇ ਦਿਨੀਂ 15 ਨਵੰਬਰ ਨੂੰ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ  ਰਮਿੰਦਰ ਸਿੰਘ ਅਤੇ ਬੀਬੀ ਰਣਜੀਤ ਕੌਰ ਉੱਤੇ ਜਦੋਂ ਤੱਕ ਇਸ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਫੈਸਲਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸੇ ਵੀ ਧਾਰਮਿਕ ਅਤੇ ਪੰਥਕ ਗਤੀਵਿਧੀ ਵਿੱਚ ਸ਼ਮੂਲੀਅਤ ਕਰਨ ਤੋਂ ਰੋਕ ਲਗਾਉਣ ਦਾ ਆਦੇਸ਼ ਕੀਤਾ ਹੈ। ਇਸੇ ਤਰ੍ਹਾਂ ਸਬੰਧਤ ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪ੍ਰੇਮ ਸਿੰਘ,  ਮਨਮੋਹਨ ਸਿੰਘ, ਸਰੂਪ ਸਿੰਘ,  ਹਰਬੀਰ ਸਿੰਘ ਅਤੇ  ਸੁਖਦੇਵ ਸਿੰਘ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣ ਤੋਂ ਅਯੋਗ ਕਰਾਰ ਦਿੰਦਿਆਂ ਆਦੇਸ਼ ਕੀਤਾ ਗਿਆ ਹੈ ਇਹ ਅਗਾਂਹ ਤੋਂ ਗੁਰੂ ਘਰ ਵਿਖੇ ਕਿਸੇ ਵੀ ਅਹੁਦੇ ਪੁਰ ਸੇਵਾਵਾਂ ਨਹੀਂ ਕਰ ਸਕਦੇ।

ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਦੋਵੇਂ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੋਏ ਆਦੇਸ਼ ਅਨੁਸਾਰ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖਣ ਲਈ ਪੁੱਜੇ ਸਨ, ਜਿੱਥੇ ਸਿੰਘ ਸਾਹਿਬ ਜੀ ਨੇ ਲੰਮਾ ਸਮਾਂ ਸ਼ਿਕਾਇਤਕਰਤਾ ਅਤੇ ਪ੍ਰਬੰਧਕਾਂ ਦਾ ਪੱਖ ਸੁਣਿਆ, ਸਪੱਸ਼ਟੀਕਰਨ ਹਾਸਲ ਕੀਤੇ ਅਤੇ ਮਾਮਲੇ ਸਬੰਧੀ ਤੱਥਾਂ ਦੀ ਡੂੰਘਾਈ ਨਾਲ ਘੋਖ ਕੀਤੀ ਜਿਸ ਤੋਂ ਸਬੰਧਤਾਂ ਦੀ ਗੰਭੀਰ ਅਣਗਹਿਲੀਆਂ ਅਤੇ ਗਲਤੀਆਂ ਸਾਹਮਣੇ ਆਈਆਂ।

ਇਸ ਮਾਮਲੇ ਵਿੱਚ ਹਰ ਪੱਖ ਤੋਂ ਘੋਖ-ਪੜਤਾਲ ਕਰਨ ਅਤੇ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਬਣਾਉਣ ਲਈ ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਇੰਚਾਰਜ ਧਾਰਮਿਕ ਪੜਤਾਲਾਂ ਅਤੇ ਸ. ਭੋਲਾ ਸਿੰਘ ਇੰਚਾਰਜ ਉਪ-ਦਫ਼ਤਰ, ਤਲਵੰਡੀ ਸਾਬੋ ਅਧਾਰਤ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ 2 ਦਸੰਬਰ 2026 ਤੱਕ ਇਸ ਮਾਮਲੇ ਦੀ ਸਮੁੱਚੀ ਰਿਪੋਰਟ ਭੇਜੇਗੀ। ਇਹ ਕਮੇਟੀ ਬੇਅਦਬੀ ਸਬੰਧੀ ਘਟਨਾ ਦੀ ਮਿਤੀ 15 ਤੋਂ 17 ਨਵੰਬਰ 2026 ਤੱਕ ਦੀ ਸੀਸੀਟੀਵੀ ਫੁਟੇਜ ਵੀ ਰਿਪੋਰਟ ਨਾਲ ਸ਼ਾਮਲ ਕਰੇਗੀ।

Related Post