Hola Mohalla : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਹੋਲੇ-ਮਹੱਲੇ ਨੂੰ ਲੈ ਕੇ ਸਿੱਖ ਸੰਗਤ ਨੂੰ ਅਪੀਲ

Hola Mohalla News : ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਜਿੱਥੇ ਅਸੀਂ ਵੱਧ ਚੜ੍ਹ ਕੇ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਿੱਸਾ ਲਈਏ, ਗੁਰੂ ਸਾਹਿਬ ਜੀ ਦੇ ਦਰ ਉੱਤੇ ਨਤਮਸਤਕ ਹੋਈਏ ਉੱਥੇ ਹੀ ਗੁਰੂ ਸਾਹਿਬ ਅੱਗੇ ਸਮਰਪਣ ਭਾਵਨਾ ਨੂੰ ਪੇਸ਼ ਕਰਦੇ ਹੋਏ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਚੱਲੀਏ।

By  KRISHAN KUMAR SHARMA March 11th 2025 05:12 PM -- Updated: March 11th 2025 05:19 PM
Hola Mohalla : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਹੋਲੇ-ਮਹੱਲੇ ਨੂੰ ਲੈ ਕੇ ਸਿੱਖ ਸੰਗਤ ਨੂੰ ਅਪੀਲ

Hola Mohalla : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਉੱਪਰ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਅਤੇ ਉਨ੍ਹਾਂ ਸਾਨੂੰ ਕਈ ਕੌਮੀ ਤਿਉਹਾਰ ਬਖ਼ਸ਼ਿਸ਼ ਕੀਤੇ ਹਨ, ਜੋ ਸਾਨੂੰ ਹਮੇਸ਼ਾ ਗੁਰੂ ਸਾਹਿਬ ਨਾਲ ਜੋੜ ਕੇ ਰੱਖਦੇ ਹਨ, ਸਾਡੇ ਵਿੱਚ ਜੋਸ਼, ਜਜ਼ਬਾ ਤੇ ਚੜ੍ਹਦੀ ਕਲਾ ਭਰਦੇ ਹਨ। ਇਨ੍ਹਾਂ ਹੀ ਤਿਉਹਾਰਾਂ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ, ਜੋ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥ, ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਸਿੰਘ ਸਭਾਵਾਂ, ਸੇਵਾ ਪੰਥੀ ਅਤੇ ਹੋਰ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਗੁਰੂ ਸਾਹਿਬ ਜੀ ਦੇ ਦਰ ’ਤੇ ਪੁੱਜਦੀ ਹੈ।

''ਮੰਦਭਾਗੀਆਂ ਘਟਨਾਵਾਂ ਤੋਂ ਸੁਚੇਤ...''

ਉਨ੍ਹਾਂ ਕਿਹਾ ਕਿ ਇਸ ਮੌਕੇ ਜਿੱਥੇ ਖ਼ਾਲਸਾਈ ਕਰਤੱਵ ਦਿਖਾਏ ਜਾਂਦੇ ਹਨ, ਉਥੇ ਹੀ ਸਮੁੱਚੀ ਸੰਗਤ ਗੁਰੂ ਸਾਹਿਬ ਜੀ ਦੇ ਸੱਚੇ ਤਖ਼ਤ ਤੇ ਨਤਮਸਤਕ ਹੁੰਦਿਆਂ ਗੁਰਸਿੱਖੀ ਜੀਵਨ ਦੀ ਦਾਤ ਮੰਗਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਕੁਝ ਇੱਕ ਐਸੀਆਂ ਮੰਦਭਾਗੀਆਂ ਘਟਨਾਵਾਂ ਉੱਥੇ ਵਾਪਰੀਆਂ ਹਨ, ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਦਰ ’ਤੇ ਜਾਈਏ ਤਾਂ ਬਹੁਤ ਹੀ ਪ੍ਰੇਮ ਭਾਵਨਾ ਨਾਲ ਹਾਜ਼ਰੀ ਭਰੀਏ ਤੇ ਉੱਥੇ ਕਿਸੇ ਵੀ ਤਰੀਕੇ ਦੀ ਕੋਈ ਐਸੀ ਗੱਲ ਨਾ ਕਰੀਏ ਜਿਹੜੀ ਗੁਰਮਤਿ ਅਨੁਸਾਰ ਨਾ ਹੋਵੇ।

''ਦਸਤਾਰ ਸਜਾ ਕੇ ਜਾਓ...''

ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਜਿਹੜੇ ਬੱਚੇ ਹਾਲੇ ਸਾਬਤ ਸੂਰਤ ਨਹੀਂ, ਉਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਤਾਂ ਸਿਰ ਉੱਤੇ ਦਸਤਾਰ ਸਜਾ ਕੇ ਜਾਣ, ਇਹ ਦਸਤਾਰ ਗੁਰੂ ਸਾਹਿਬ ਜੀ ਪ੍ਰਤੀ ਸਾਡੇ ਪ੍ਰੇਮ ਦਾ ਪ੍ਰਤੀਕ ਹੈ ਕਿ ਅਸੀਂ ਆਪਣੇ ਸਤਿਗੁਰੂ ਦੇ ਘਰ ‘ਚ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਅਸੀਂ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ ਤੇ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਹਨ। ਅਸੀਂ ਆਪਸ ਵਿੱਚ ਇੱਕ ਸਾਂਝਾ ਪਰਿਵਾਰ ਖ਼ਾਲਸਾ ਪੰਥ ਹਾਂ। ਹੁਣ ਜਦੋਂ ਪਰਿਵਾਰ ਇਕੱਠਾ ਹੋ ਰਿਹਾ ਹੈ ਤਾਂ ਉਸ ਵੇਲੇ ਮਾਹੌਲ ਚੜ੍ਹਦੀ ਕਲਾ ਤੇ ਖ਼ਾਲਸਾਈ ਜਾਹੋ ਜਲਾਲ ਵਾਲਾ ਬਣਦਾ ਹੈ। ਸਿੰਘ ਸਾਹਿਬ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਜਿੱਥੇ ਅਸੀਂ ਵੱਧ ਚੜ੍ਹ ਕੇ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਿੱਸਾ ਲਈਏ, ਗੁਰੂ ਸਾਹਿਬ ਜੀ ਦੇ ਦਰ ਉੱਤੇ ਨਤਮਸਤਕ ਹੋਈਏ ਉੱਥੇ ਹੀ ਗੁਰੂ ਸਾਹਿਬ ਅੱਗੇ ਸਮਰਪਣ ਭਾਵਨਾ ਨੂੰ ਪੇਸ਼ ਕਰਦੇ ਹੋਏ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਚੱਲੀਏ।

Related Post