Amritsar Police : ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ, ਪਾਕਿਸਤਾਨ ਤੋਂ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
Arms smuggling gang : ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Police) ਵੱਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਹਥਿਆਰ ਤਸਕਰੀ ਗਿਰੋਹ ਦੇ 3 ਮੈਂਬਰਾਂ ਨੂੰ ਅਸਲੇ, ਡਰੱਗ ਮਨੀ ਅਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ SSP ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ ਨੂੰ ਗੁਪਤ ਸੂਚਨਾ ਮਿਲੀ ਕਿ ਤਰਸੇਮ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ, ਕਿੱਕਰ ਪੀਰ ਵਾਲੀ ਗਲੀ ਨੇੜੇ ਪਾਰਕਿੰਗ ਗੁਰਦੁਆਰਾ ਸਾਹਿਬ ਤਰਨ ਤਾਰਨ, ਜੋ ਇੱਕ ਅਪਰਾਧੀ ਕਿਸਮ ਦਾ ਆਦਮੀ ਹੈ, ਜਿਸ 'ਤੇ ਪਹਿਲਾਂ ਵੀ ਕਈ ਮੁੱਕਦਮੇ ਦਰਜ ਹਨ। ਇਸ ਤੋਂ ਇਲਾਵਾ ਇਸਦੇ ਸਾਥੀ ਅਮਰਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਵਾਸੀਅਨ ਨੇੜੇ ਨਿੱਕਾ ਅੱਡਾ ਅਟਾਰੀ ਥਾਣਾ ਘਰਿੰਡਾ (ਅੰਮ੍ਰਿਤਸਰ) ਤਿੰਨਾਂ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਹੈ ਅਤੇ ਇਕ ਪਾਕਿਸਤਾਨ ਤੋਂ ਨਜਾਇਜ਼ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਸਨ।
ਇਸ 'ਤੇ ਕਾਰਵਾਈ ਕਰਦਿਆਂ ਇੰਚਾਰਜ ਸੀ.ਆਈ.ਏ ਵੱਲੋਂ ਆਪਣੀ ਟੀਮ ਨੂੰ ਚੰਗੀ ਤਰ੍ਹਾ ਬ੍ਰੀਫ ਕਰਕੇ ਇੱਕ ਸਪੈਸ਼ਲ ਆਪਰੇਸ਼ਨ ਦੌਰਾਨ ਮੇਨ ਰੋਡ, ਰਣੀਕੇ ਮੋੜ ਤੋਂ ਉਕਤ ਤਰਸੇਮ ਸਿੰਘ, ਅਮਰਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਨੂੰ ਉਕਤ ਰਿਕਵਰੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ, ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 166 ਮਿਤੀ 08.06.2025 ਜੁਰਮ 25/54/59 ARMS ACT 111 BNS ਤਹਿਤ ਦਰਜ ਕੀਤਾ ਗਿਆ।
ਉਪਰੰਤ ਉਕਤ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਪੁੱਛਗਿਛ ਕਰਨ 'ਤੇ ਪਤਾ ਲੱਗਾ ਕਿ ਉਹ ਗੈਂਗਸਟਰ ਕਿਸ਼ਨ ਵਾਸੀ ਜੰਡਿਆਲਾ ਅਤੇ ਖਾਨ ਨਾਮਕ ਪਾਕਿਸਤਾਨੀ ਸਮੱਗਲਰ ਦੇ ਲਿੰਕ ਵਿੱਚ ਸਨ ਅਤੇ ਉਨ੍ਹਾਂ ਦੇ ਕਹਿਣ 'ਤੇ ਨਾਜਾਇਜ਼ ਹਥਿਆਰ ਅੱਗੇ ਸਪਲਾਈ ਕਰਦੇ ਸਨ।
ਮੁਲਜ਼ਮਾਂ ਕੋਲੋਂ ਕੀ ਕੁੱਝ ਹੋਇਆ ਬਰਾਮਦ
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ 02 ਪਿਸਟਲ (ਇੱਕ 9MM, ਇੱਕ 30 ਬੋਰ ਪਿਸਟਲ, 02 ਜਿੰਦਾ ਕਾਰਤੂਸ (9MM), 70000 ਰੁਪਏ ਦੀ ਡਰੱਗ ਮਨੀ ਅਤੇ ਇੱਕ ਟੋਇਟਾ ਗੱਡੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
- PTC NEWS