ਸੁਖਬੀਰ ਬਾਦਲ ਨੇ CM ਯੋਗੀ ਨਾਲ ਮੁਲਾਕਾਤ ਕਰਕੇ ਸਿੱਖਾਂ ਦੇ ਮਸਲੇ ਉਠਾਏ

By  Ravinder Singh December 17th 2022 09:21 PM -- Updated: December 17th 2022 09:25 PM

ਲਖਨਊ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਸ਼੍ਰੋਮਣੀ ਅਕਾਲੀ ਦਲ-ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ ਗਏ ਸਿੱਖ ਕੌਮ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਤੇ ਨਾਲ ਹੀ ਇਹ ਵੀ ਭਰੋਸਾ ਦਿਵਾਇਆ ਕਿ ਕਿਸੇ ਵੀ ਸਿੱਖ ਕਿਸਾਨ ਨੂੰ ਤੰਗ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 2014 ਵਿਚ ਸਹਾਰਨਪੁਰ ਵਿਚ ਗੁਰਦੁਆਰਾ ਸਾਹਿਬ ਦੀ ਥਾਂ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ 'ਚ ਸਿੱਖਾਂ ਖਿਲਾਫ਼ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ।

ਇਸ ਮੀਟਿੰਗ ਮਗਰੋਂ ਲਖਨਊ 'ਚ ਪ੍ਰੈਸ ਕਾਨਫ਼ਰੰਸ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਤੋਂ ਆਏ ਉੱਤਰ ਪ੍ਰਦੇਸ਼ ਦੇ ਸਿੱਖਾਂ ਦੀ ਜ਼ਮੀਨ ਬਚਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੂੰ ਹਾਂਪੱਖੀ ਹੁੰਗਾਰਾ ਮਿਲਿਆ ਹੈ।

ਸੁਖਬੀਰ ਬਾਦਲ ਦੀ ਅਗਵਾਈ 'ਚ ਗਏ ਵਫ਼ਦ ਨੇ ਮੁੱਖ ਮੰਤਰੀ ਨੂੰ 1991 ਦੇ ਪੀਲੀਭੀਤ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਣਕਾਰੀ ਵੀ ਦਿੱਤੀ ਜਿਸ 'ਚ 10 ਸਿੱਖ ਮਾਰੇ ਗਏ ਸਨ ਜਦੋਂ ਪੁਲਿਸ ਮੁਲਾਜ਼ਮਾਂ ਨੇ ਸ਼ਰਧਾਲੂਆਂ ਦੀਆਂ ਬੱਸਾਂ ਰੋਕ ਕੇ ਸਿੱਖ ਪੁਰਸ਼ਾਂ ਨੂੰ ਪਰਿਵਾਰਾਂ ਤੋਂ ਵੱਖ ਕਰ ਲਿਆ ਸੀ ਅਤੇ ਤਿੰਨ ਵੱਖੋ-ਵੱਖ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਸਨ। ਵਫ਼ਦ ਨੇ ਦੱਸਿਆ ਕਿ ਹਾਲ ਹੀ ਵਿਚ ਇਲਾਹਾਬਾਦ ਹਾਈ ਕੋਰਟ ਨੇ 43 ਪੁਲਿਸ ਮੁਲਾਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਬਦਲ ਕੇ 7-7 ਸਾਲ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਡਾ. ਹਰਸਿਮਰਤ ਗਰੇਵਾਲ ਦੀ ਅਗਵਾਈ 'ਚ ਲਾਹਣ ਦੀ ਵੱਡੀ ਖੇਪ ਬਰਾਮਦ, ਖੋਜੀ ਕੁੱਤਿਆਂ ਨੇ ਲੱਭੀ ਲਾਹਣ

ਵਫ਼ਦ ਨੇ ਕਿਹਾ ਕਿ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਨਿਰਦੋਸ਼ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਵਫਦ ਨੇ ਯੂਪੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਸਮੀਖਿਆ ਅਪੀਲ ਪਾਈ ਜਾਵੇ ਜਿਸ ਉਪਰ ਮੁੱਖ ਮੰਤਰੀ ਨੇ ਮਾਮਲੇ ਉਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ। ਇਸ ਵਫ਼ਦ ਵਿਚ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਸ਼ਾਮਲ ਸਨ।

Related Post