ਅਸੀਂ ਤਾਂ ਸੋਨੀਆ ਮਾਨ ਨੂੰ ਭੈਣ ਸਮਝਿਆ ਸੀ, ਪਰ ਉਸ ਨੇ ਸਾਡੀ ਪਿੱਠ ਚ ਛੁਰਾ ਮਾਰਿਆ, ਸੁਖਦੀਪ ਸਿੰਘ ਛੀਨਾ ਦਾ ਛਲਕਿਆ ਦਰਦ
Sukhdeep Singh Cheena : ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ 'ਚ ਰਾਜਾਸਾਂਸੀ ਹਲਕੇ ਤੋਂ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਸੁਖਦੀਪ ਸਿੰਘ ਛੀਨਾ ਨੇ ਵੀ ਗੱਲਬਾਤ ਦੌਰਾਨ ਪਾਰਟੀ ਵੱਲੋਂ ਖੁਦ ਨੂੰ ਅਣਗੌਲਿਆ ਕੀਤੇ ਜਾਣ ਦਾ ਦੁੱਖ ਜ਼ਾਹਰ ਕੀਤਾ ਹੈ।
Sukhdeep Singh Cheena : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਨ ਤੋਂ ਬਾਅਦ ਕਈ ਆਗੂ ਟਿਕਟ ਕੱਟੇ ਜਾਣ ਜਾਂ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਗਏ ਹਨ। ਕੁੱਝ ਥਾਂਵਾਂ 'ਤੇ ਇਹ ਬਗਾਵਤ ਸਾਹਮਣੇ ਵੀ ਆਈ ਹੈ। ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਨੇ ਅਸਤੀਫੇ ਦਿੱਤੇ ਹਨ, ਜਿਨ੍ਹਾਂ ਵਿੱਚ ਡੇਅਰੀ ਡਿਵੈਲਪਮੈਂਟ ਬੋਰਡ ਪੰਜਾਬ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ ਵੀ ਸ਼ਾਮਲ ਹਨ।
ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ 'ਚ ਰਾਜਾਸਾਂਸੀ ਹਲਕੇ ਤੋਂ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਸੁਖਦੀਪ ਸਿੰਘ ਛੀਨਾ ਨੇ ਵੀ ਗੱਲਬਾਤ ਦੌਰਾਨ ਪਾਰਟੀ ਵੱਲੋਂ ਖੁਦ ਨੂੰ ਅਣਗੌਲਿਆ ਕੀਤੇ ਜਾਣ ਦਾ ਦੁੱਖ ਜ਼ਾਹਰ ਕੀਤਾ ਹੈ।
'ਅਸੀਂ ਤਾਂ ਸੋਨੀਆ ਮਾਨ ਨੂੰ ਭੈਣ ਸਮਝਿਆ ਸੀ...'
ਛੀਨਾ ਨੇ ਅਸਤੀਫਾ ਛੱਡਣ ਦੇ ਕਾਰਨਾਂ ਤੋਂ ਲੈ ਕੇ ਸੋਨੀਆ ਮਾਨ ਨਾਲ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ 13 ਸਾਲਾਂ ਤੋਂ ਉਹ ਪਾਰਟੀ ਲਈ ਅਣਥੱਕ ਮਿਹਨਤ ਕਰਦੇ ਰਹੇ ਹਨ ਅਤੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੁਆਰਡੀਨੇਟ ਵੱਜੋਂ ਅਤੇ ਬਲਾਕ ਪ੍ਰਧਾਨ ਵੱਜੋਂ ਵੀ ਸੇਵਾਵਾਂ ਨਿਭਾਈਆਂ ਹਨ, ਪਰ ਹੁਣ ਡੇਢ ਕੁ ਸਾਲ ਤੋਂ ਸੋਨੀਆ ਮਾਨ ਨਾਲ ਭਰਾ ਤੇ ਵਰਕਰ ਵੱਜੋਂ ਡੱਟ ਕੇ ਕੰਮ ਕਰ ਰਹੇ ਸਨ, ਪਰ 2-3 ਮਹੀਨਿਆਂ ਤੋਂ ਚੱਲ ਰਹੀ ਅਣਬਣ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।
ਉਨ੍ਹਾਂ ਕਿਹਾ ਕਿ ਸੋਨੀਆ ਮਾਨ ਵੱਲੋਂ ਉਨ੍ਹਾਂ ਨੂੰ ਮੀਟਿੰਗਾਂ ਲਈ ਵੀ ਅਣਗੌਲਿਆਂ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਉਨ੍ਹਾਂ ਨੇ ਆਗੂ ਨੂੰ ਸਪੱਸ਼ਟ ਕਿਹਾ ਵੀ ਸੀ ਪਰ ਇਸ ਕਾਰਨ ਉਨ੍ਹਾਂ ਵਿੱਚ ਮਾਮਲਾ ਹੋਰ ਵਿਗੜ ਗਿਆ ਸੀ। ਉਨ੍ਹਾਂ ਕਿਹਾ ਕਿ ਸੋਨੀਆ ਮਾਨ ਨੇ ਇਸ ਦੌਰਾਨ ਉਨ੍ਹਾਂ ਨੂੰ ਅਤੇ ਸਾਥੀ ਰਾਜਬੀਰ ਸਿੰਘ ਨੂੰ ਪਾਰਟੀ ਛੱਡਣ ਬਾਰੇ ਵੀ ਕਹਿ ਦਿੱਤਾ ਸੀ, ਜਿਸ ਦਾ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ। ਹਾਲਾਂਕਿ, ਫਿਰ ਇਨ੍ਹਾਂ ਨੇ ਸਾਨੂੰ ਮਨਾ ਲਿਆ, ਪਰੰਤੂ ਬਾਅਦ ਵਿੱਚ ਹੱਦ ਉਦੋਂ ਹੋ ਗਈ, ਜਦੋਂ ਸਾਨੂੰ ਪਤਾ ਲੱਗਿਆ ਕਿ ਸੋਨੀਆ ਮਾਨ ਨੇ ਪਾਰਟੀ ਨੂੰ ਸੁਨੇਹਾ ਭੇਜਿਆ ਕਿ ਸੁਖਦੀਪ ਛੀਨਾ ਨੂੰ ਪਾਰਟੀ ਵਿਚੋਂ ਕੱਢ ਦਿਓ।
ਸੁਖਦੀਪ ਸਿੰਘ ਛੀਨਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਬਹੁਤ ਚੁਭੀ ਕਿ ਜਿਸ ਸੋਨੀਆ ਮਾਨ ਨੂੰ ਉਨ੍ਹਾਂ ਨੇ ਭੈਣ ਸਮਝਿਆ ਅਤੇ ਦਿਨ-ਰਾਤ ਮਿਹਨਤ ਕਰਦੇ ਰਹੇ, ਪਰ ਉਨ੍ਹਾਂ ਨੇ ਹੀ ਅਜਿਹਾ ਕੀਤਾ ਹੈ, ਜਿਸ ਪਿੱਛੋਂ ਅਸੀਂ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ।
ਉਨ੍ਹਾਂ ਕਿਹਾ ਕਿ ਸਾਨੂੰ ਸੋਨੀਆ ਮਾਨ ਦੀ ਸਭ ਤੋਂ ਘਟੀਆ ਗੱਲ ਇਹੀ ਲੱਗੀ ਕਿ ਅਸੀਂ ਉਸ ਨਾਲ ਡੱਟ ਕੇ ਕੰਮ ਕੀਤਾ ਅਤੇ ਮਿਹਨਤ ਕੀਤੀ, ਪਰ ਉਸ ਨੇ ਹੀ ਸਾਨੂੰ ਪਾਰਟੀ ਵਿਚੋਂ ਕੱਢਣ ਦੀ ਗੱਲ ਕਹੀ ਅਤੇ ਸਾਡੇ ਬਾਰੇ ਅਜਿਹਾ ਸੋਚਿਆ। ਉਨ੍ਹਾਂ ਕਿਹਾ ਕਿ ਅਸੀਂ ਹੁਣ ਖੁਦ ਵੀ ਚਾਹੁੰਦੇ ਹਾਂ ਕਿ ਉਹ ਆਪ ਹੀ ਆਪਣੇ ਢੰਗ ਨਾਲ ਚੱਲ ਸਕਣ ਅਤੇ ਅਸੀਂ ਧੋਖਾ ਦੇਣ ਦੀ ਥਾਂ ਪਾਸੇ ਹੋਣਾ ਚੁਣਿਆ।
ਉਨ੍ਹਾਂ ਕਿਹਾ ਕਿ ਉਹ ਹੁਣ ਕਿਸ ਪਾਰਟੀ ਵਿੱਚ ਸ਼ਾਮਲ ਹੋਣਗੇ, ਇਸ ਬਾਰੇ ਅਗਲੇ ਭਵਿੱਖ 'ਚ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ... ਸੂਬੇ ਦੇ ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਬਕਾਇਆ ਬਿਜਲੀ ਬਿੱਲਾਂ ਦਾ ਵਿਆਜ ਤੇ ਜੁਰਮਾਨਾ ਮਾਫ