Bhagwant Mann Video Row: ਕਥਿਤ ਵੀਡੀਓ ਮਾਮਲੇ ਤੇ ਭਾਜਪਾ ਹਮਲਾਵਰ, ਜਾਖੜ ਦੀ ਮੁੱਖ ਮੰਤਰੀ ਨੂੰ ਅਸਤੀਫ਼ੇ ਦੀ ਚੁਣੌਤੀ

CM Bhagwant Mann video case update: ਭਾਜਪਾ ਨੇ ਅੱਜ ਕਥਿਤ ਵੀਡੀਓ ਵਿਵਾਦ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਹਨ।

By  Amritpal Singh June 24th 2026 06:40 PM

CM Bhagwant Mann video case update: ਭਾਜਪਾ ਨੇ ਅੱਜ ਕਥਿਤ ਵੀਡੀਓ ਵਿਵਾਦ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਹੈ ਕਿ ਸਬੰਧਤ ਵੀਡੀਓ ਕੋਈ ਸਿਆਸੀ ਮੁੱਦਾ ਨਹੀਂ ਹੈ, ਸਗੋਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਹੈ।

ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ, "ਸੱਤਾ ਦੇ ਨਸ਼ੇ ਵਿੱਚ ਚੂਰ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੇ ਹਨ। ਮੁੱਖ ਮੰਤਰੀ ਦੀ ਵਾਇਰਲ ਵੀਡੀਓ ਦਾ ਮੁੱਦਾ ਬਿਲਕੁਲ ਵੀ ਸਿਆਸੀ ਨਹੀਂ ਹੈ, ਸਗੋਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਹ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਸਬੰਧਤ ਮਾਮਲਾ ਹੈ। ਅਸਲ ਮੁੱਦਾ ਇਹ ਹੈ ਕਿ ਕਿਵੇਂ ਇੱਕ ਹੰਕਾਰੀ ਵਿਅਕਤੀ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ।"

ਉਨ੍ਹਾਂ ਨੇ ਐਕਸ  'ਤੇ ਕਿਹਾ, ''ਇੰਨਾ ਕੁੱਝ ਵਾਪਰਨ ਦੇ ਬਾਵਜੂਦ ਵੀ ਜੇਕਰ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗੁਰੂਆਂ ਦੀ ਧਰਤੀ 'ਤੇ ਸੱਤਾ ਵਿੱਚ ਬਣਿਆ ਰਹਿੰਦਾ ਹੈ, ਤਾਂ ਅਸੀਂ ਆਪਣੇ ਧਰਮ ਖਿਲਾਫ ਦੁਨੀਆ ਭਰ ਵਿੱਚ ਪੈਦਾ ਹੋਣ ਵਾਲੀਆਂ ਚੁਣੌਤੀਆਂ ਖ਼ਿਲਾਫ਼ ਆਵਾਜ਼ ਕਿਵੇਂ ਬੁਲੰਦ ਕਰ ਸਕਾਂਗੇ?''

ਜਾਖੜ ਨੇ ਸਵਾਲ ਕੀਤਾ, "ਇਹ ਕੁਝ ਅਜਿਹਾ ਹੈ ਜਿਸ 'ਤੇ ਪੰਜਾਬ ਨੂੰ ਵਿਚਾਰ ਕਰਨ ਦੀ ਲੋੜ ਹੈ। ਕੀ ਕੋਈ ਸਿੱਖ ਇਸ ਨੂੰ ਬਰਦਾਸ਼ਤ ਕਰ ਸਕਦਾ ਹੈ?"


ਉਨ੍ਹਾਂ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ, "ਮਾਨ ਜੀ, ਜੇਕਰ ਤੁਸੀਂ ਫੈਸਲਾ ਜਨਤਾ 'ਤੇ ਛੱਡਣਾ ਚਾਹੁੰਦੇ ਹੋ, ਤਾਂ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਲੋਕਾਂ ਤੋਂ ਫਤਵਾ ਮੰਗਿਆ ਸੀ (ਅਤੇ ਲੋਕਾਂ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ), ਇਵੇਂ ਹੀ ਤੁਹਾਨੂੰ ਵੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਹੈ।"


ਜਾਖੜ ਨੇ ਮਾਨ ਨੂੰ ਅਸਤੀਫਾ ਦੇਣ ਦੀ ਚੁਣੌਤੀ ਦਿੰਦਿਆਂ ਕਿਹਾ, "ਗੁਰੂ ਦੇ ਸਿੱਖ ਇਸ ਸਿੱਖਿਆ ਦਾ ਪਾਲਣ ਕਰਦੇ ਹਨ, 'ਸੀਸ ਦੀਆ ਪਰ ਸਿਰਰੁ ਨ ਦੀਆ' ('ਕੋਈ ਆਪਣਾ ਸਿਰ ਦੇ ਸਕਦਾ ਹੈ, ਪਰ ਆਪਣੇ ਅਸੂਲ ਜਾਂ ਅਣਖ ਦਾ ਸਮਝੌਤਾ ਕਦੇ ਨਹੀਂ ਕਰਦਾ')। ਇਸ ਬਜਰ ਗੁਨਾਹ ਤੋਂ ਅਹੁਦੇ ਦੀ ਤਾਕਤ ਰਾਹੀਂ ਬਚਿਆ ਨਹੀਂ ਜਾ ਸਕਦਾ। ਇੱਕ ਸਿੱਖ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਹੈ। ਗੁਰੂ ਸਾਹਿਬ ਅਤੇ ਸੰਗਤ ਨਿਆਂ ਕਰਨਗੇ।"

ਪੰਜਾਬ ਕਾਂਗਰਸ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਕੀਤੀ ਮੰਗ 

ਪੰਜਾਬ ਕਾਂਗਰਸ ਨੇ ਅੱਜ ਵਿਵਾਦਿਤ ਵੀਡੀਓ ਦੇ ਸਬੰਧ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਸਮੂਹਿਕ ਤੌਰ ’ਤੇ ਮੁੱਖ ਮੰਤਰੀ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ’ਤੇ ਘੇਰਾਬੰਦੀ ਕੀਤੀ। ਵੜਿੰਗ ਨੇ ਕਿਹਾ ਕਿ ਗੁੜਗਾਓ ਦੀ ਫੋਰੈਂਸਿਕ ਲੈਬ ਤੋਂ ਤਿਆਰ ਕਰਵਾਈ ਰਿਪੋਰਟ ਦਾ ਹੁਣ ਸੱਚ ਸਾਹਮਣੇ ਆ ਗਿਆ ਹੈ ਅਤੇ ਹਰਿਆਣਾ ਪੁਲੀਸ ਨੇ ਕੇਸ ਦਰਜ ਕਰਕੇ ਪੰਜਾਬ ਪੁਲੀਸ ਦੇ ਉੱਚ ਅਫ਼ਸਰਾਂ ਵੱਲੋਂ ਬੁਣੇ ਤਾਣੇ ਦੀਆਂ ਤੰਦਾਂ ਉਧੇੜ ਦਿੱਤੀਆਂ ਹਨ।

ਸਮੁੱਚੀ ਸੰਗਤ ਤੋਂ ਮੁਆਫ਼ੀ ਮੰਗੇ ਮੁੱਖ ਮੰਤਰੀ ਮਾਨ

ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਐਲਾਨਿਆ ਗਿਆ ਸੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਅਤੇ ਸਮੁੱਚੀ ਸੰਗਤ ਤੋਂ ਮੁਆਫ਼ੀ ਮੰਗਣ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਵਾਦਿਤ ਵੀਡੀਓ ’ਤੇ ਬੋਲੇ ਹੱਲੇ ਮਗਰੋਂ ਅੱਜ ਕਾਂਗਰਸ ਨੇ ਵੀ ਮੁੱਦੇ ਨੂੰ ਚੁੱਕਿਆ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਵਾਦਿਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਦਾ ਸਮਾਜਿਕ ਅਤੇ ਸਿਆਸੀ ਤੌਰ ’ਤੇ ਬਾਈਕਾਟ ਕਰਨ ਦਾ ਐਲਾਨ ਕਰਦੀ ਹੈ।


ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ’ਤੇ ਇਸ ਮਾਮਲੇ ’ਚ ਪੁਲਿਸ ਕੇਸ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਮੁੱਖ ਮੰਤਰੀ ਦਾ ਬਾਈਕਾਟ ਕੀਤਾ ਜਾਵੇ। ਪ੍ਰੈੱਸ ਕਾਨਫ਼ਰੰਸ ’ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸਵਪਨ ਸ਼ਰਮਾ ਅਤੇ ਜਸ਼ਨਪ੍ਰੀਤ ਸਿੰਘ ’ਤੇ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਲੈਬ ਨੂੰ ਪੈਸਾ ਵੀ ਸਰਕਾਰੀ ਖ਼ਜ਼ਾਨੇ ਚੋਂ ਦਿੱਤੇ ਜਾਣ ਦੀ ਜਾਂਚ ਹੋਣੀ ਚਾਹੀਦੀ ਹੈ।


ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਸੰਸਥਾਵਾਂ ਨੂੰ ਤਬਾਹ ਕਰਨ ਦੇ ਰਾਹ ਪਈਆਂ ਹਨ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਹੈ। ਉਨ੍ਹਾਂ ਸਾਰੇ ਵਿਵਾਦਾਂ ਦੀ ਜੜ੍ਹ ਅਰਵਿੰਦ ਕੇਜਰੀਵਾਲ ਨੂੰ ਦੱਸਿਆ।


Related Post