Satluj : ਸਤਲੁਜ (Panjab 95) ਤੇ ਭਾਰਤ ਚ ਮੁੜ ਲੱਗੀ ਰੋਕ ! Zee5 ਪਲੇਟਫਾਰਮ ਤੋਂ ਫਿਲਮ ਨੂੰ ਹਟਾਇਆ

Diljit Dosanjh Satluj Movie : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਸਤਲੁਜ਼' (Panjab 95) 'ਤੇ ਇੱਕ ਵਾਰ ਮੁੜ ਭਾਰਤ 'ਚ ਰੋਕ ਲੱਗ ਗਈ ਹੈ।

By  KRISHAN KUMAR SHARMA July 5th 2026 09:19 PM -- Updated: July 5th 2026 10:23 PM

Diljit Dosanjh Satluj Movie : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ (Jaswant Singh Khalra) ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਸਤਲੁਜ਼' (Panjab 95) 'ਤੇ ਇੱਕ ਵਾਰ ਮੁੜ ਭਾਰਤ 'ਚ ਰੋਕ ਲੱਗ ਗਈ ਹੈ। ਦੱਸ ਦਈਏ ਕਿ ਫ਼ਿਲਮ ਅਜੇ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ, ਪਰ Zee5 ਪਲੇਟਫਾਰਮ ਤੋਂ ਫਿਲਮ ਨੂੰ ਤੋਂ ਹਟਾ ਲਿਆ ਹੈ।

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਤ 'ਤੇ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਦਿਲਜੀਤ ਦੀ ਇਸ ਫ਼ਿਲਮ ਨੂੰ 3 ਜੁਲਾਈ ਨੂੰ 'ਸਤਲੁਜ' ਨਾਮ ਹੇਠ ਰਿਲੀਜ਼ ਕੀਤਾ ਗਿਆ ਸੀ, ਜਦਕਿ ਪਹਿਲਾਂ ਇਸ ਫਿਲਮ ਦਾ ਨਾਮ 'ਪੰਜਾਬ 95' ਸੀ। ਪਰ ਸੈਂਸਰ ਬੋਰਡ ਵੱਲੋਂ ਇਸ ਦੇ ਨਾਮ ਅਤੇ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਨਤੀਜੇ ਵੱਜੋਂ ਦਿਲਜੀਤ ਦੋਸਾਂਝ ਅਤੇ ਨਿਰਮਾਤਾਵਾਂ ਵੱਲੋਂ ਇਸ ਫਿਲਮ ਨੂੰ ਵੱਖ ਵੱਖ ਦੇਸ਼ਾਂ 'ਚ ਭਾਵੇਂ ਰਿਲੀਜ਼ ਕਰ ਦਿੱਤਾ ਗਿਆ ਸੀ, ਪਰ ਫਿਲਮ ਭਾਰਤ 'ਚ ਰਿਲੀਜ਼ ਨਹੀਂ ਹੋ ਸਕੀ ਸੀ।

ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਨਾਮ ਅਤੇ 120 ਕੱਟਾਂ ਬਾਰੇ ਦਿਲਜੀਤ ਦੋਸਾਂਝ ਨੇ ਵੀ ਪਹਿਲਾਂ ਬਿਆਨ ਦਿੱਤਾ ਸੀ ਕਿ ਜੇਕਰ ਫਿਲਮ ਜਾਰੀ ਹੋਵੇਗੀ ਤਾਂ ਬਿਨਾਂ ਕੱਟਾਂ ਤੋਂ ਜਾਰੀ ਹੋਵੇਗੀ। ਹੁਣ 3 ਜੁਲਾਈ ਨੂੰ ਫਿਲਮ ਭਾਵੇਂ 'ਸਤਲੁਜ' ਨਾਮ ਹੇਠ ਰਿਲੀਜ਼ ਕੀਤੀ ਗਈ, ਪਰ ਇਸ ਵਿੱਚ ਕੋਈ ਵੀ ਕੱਟ ਨਹੀਂ ਲਾਇਆ ਗਿਆ ਸੀ।

ਫਿਲਮ ਦੀ ਰੋਕ 'ਤੇ Zee5 ਦਾ ਬਿਆਨ ਆਇਆ ਸਾਹਮਣੇ

ਉਧਰ, ਭਾਰਤ 'ਚ ਫਿਲਮ 'ਤੇ ਮੁੜ ਰੋਕ ਉਪਰੰਤ Zee5 ਦਾ ਵੀ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 'ਸਤਲੁਜ' ਨੂੰ ਮਿਲੇ ਭਰਪੂਰ ਪਿਆਰ ਅਤੇ ਸਮਰਥਨ ਲਈ ਅਸੀਂ ਦਰਸ਼ਕਾਂ ਦੇ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਨੇ ਫਿਲਮ ਨੂੰ ਸਬਸਕ੍ਰਾਈਬ ਕੀਤਾ, ਦੇਖਿਆ ਅਤੇ ਇਸ ਦਾ ਸਮਰਥਨ ਕੀਤਾ, ਉਨ੍ਹਾਂ ਦੇ ਪਿਆਰ ਨੇ ਸਾਡੀ ਟੀਮ ਲਈ ਬਹੁਤ ਮਾਇਨੇ ਰੱਖੇ ਹਨ।

ਅਸੀਂ 'ਸਤਲੁਜ' ਅਤੇ ਇਸ ਦੀ ਰਚਨਾਤਮਕ ਟੀਮ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਵਿਸ਼ਵਾਸ ਹੈ ਕਿ ਪ੍ਰਭਾਵਸ਼ਾਲੀ ਕਹਾਣੀਆਂ ਸਮਾਜ 'ਤੇ ਲੰਬੇ ਸਮੇਂ ਤੱਕ ਅਸਰ ਛੱਡਦੀਆਂ ਹਨ ਅਤੇ ਅਸੀਂ ਅਜਿਹੀਆਂ ਅਸਲੀ ਅਤੇ ਅਰਥਪੂਰਨ ਕਹਾਣੀਆਂ ਨੂੰ ਅੱਗੇ ਵੀ ਉਤਸ਼ਾਹਿਤ ਕਰਦੇ ਰਹਾਂਗੇ।


ਮੌਜੂਦਾ ਹਾਲਾਤਾਂ ਨੂੰ ਦੇਖਦਿਆਂ 'ਸਤਲੁਜ' ਨੂੰ ਅਗਲੇ ਨੋਟਿਸ ਤੱਕ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ। ਅਸੀਂ ਕਾਨੂੰਨੀ ਪ੍ਰਕਿਰਿਆ ਰਾਹੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂ ਜੋ ਮੌਕਾ ਮਿਲਣ 'ਤੇ ਇਹ ਫਿਲਮ ਦਰਸ਼ਕਾਂ ਤੱਕ ਪਹੁੰਚ ਸਕੇ। ਸਿਰਜਣਾਤਮਕ ਆਜ਼ਾਦੀ, ਕਲਾਤਮਕ ਇਮਾਨਦਾਰੀ ਅਤੇ ਮਕਸਦਪੂਰਨ ਕਹਾਣੀਆਂ ਪ੍ਰਤੀ ਸਾਡੀ ਵਚਨਬੱਧਤਾ ਪਹਿਲਾਂ ਵਾਂਗ ਹੀ ਕਾਇਮ ਰਹੇਗੀ।

ਸ਼੍ਰੋਮਣੀ ਅਕਾਲੀ ਦਲ ਨੇ ਫਿਲਮ ਨੂੰ ਹਟਾਉਣ ਦੀ ਕੀਤੀ ਨਿੰਦਾ

ਸ਼੍ਰੋਮਣੀ ਅਕਾਲੀ ਦਲ (Shiromai Akai Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਭਾਰਤ 'ਚ 'ਸਤਲੁਜ' ਫਿਲਮ 'ਤੇ ਮੁੜ ਰੋਕ ਲਾਉਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੇ ਉਨ੍ਹਾਂ ਨੂੰ ਹੈਰਾਨ ਅਤੇ ਦੁਖੀ ਕੀਤਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ 'ਸਤਲੁਜ' ਇੱਕ ਪ੍ਰਭਾਵਸ਼ਾਲੀ ਫ਼ਿਲਮ ਹੈ, ਜੋ ਪੰਜਾਬ ਦੇ ਦਰਦਨਾਕ ਇਤਿਹਾਸ ਨੂੰ ਬੇਬਾਕੀ ਨਾਲ ਸਾਹਮਣੇ ਲਿਆਉਂਦੀ ਹੈ ਅਤੇ ਜਸਵੰਤ ਸਿੰਘ ਖਾਲੜਾ ਦੀ ਮਹਾਨ ਸ਼ਹਾਦਤ ਨੂੰ ਸਨਮਾਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਫ਼ਿਲਮ ਦੀ ਆਵਾਜ਼ ਨੂੰ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ।


ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੈਂਸਰਸ਼ਿਪ ਦਾ ਮਾਮਲਾ ਨਹੀਂ, ਸਗੋਂ ਸਾਡੀ ਸਾਂਝੀ ਯਾਦ, ਸੱਚਾਈ ਅਤੇ ਅਭਿਵੈਕਤੀ ਦੀ ਆਜ਼ਾਦੀ 'ਤੇ ਹਮਲਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਅਤੀਤ ਦਾ ਇਮਾਨਦਾਰੀ ਨਾਲ ਸਾਹਮਣਾ ਕਰਨ ਦਾ ਹੱਕ ਹੈ, ਨਾ ਕਿ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਇਹ ਵੀ ਪੜ੍ਹੋ... ਆਮਿਰ ਖਾਨ ਨੇ ਤੀਜੀ ਵਾਰ ਕਰਵਾਇਆ ਵਿਆਹ, ਜਾਣੋ ਕੌਣ ਹੈ ਕਿ ਪਤਨੀ ਗੌਰੀ ਸਪ੍ਰੈਟ, ਵੇਖੋ ਤਸਵੀਰਾਂ

Related Post