Terrorist Attack: ਸ਼ਹੀਦ ਹੋਏ ਕੁਲਵੰਤ ਸਿੰਘ ਦੇ ਪਿਤਾ ਨੇ ਵੀ ਕਾਰਗਿਲ ਦੀ ਜੰਗ 'ਚ ਪੀਤਾ ਸੀ ਸ਼ਹਾਦਤ ਦਾ ਜਾਮ

Terrorist Attack: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 5 ਜਵਾਨਾਂ 'ਚੋਂ ਚਾਰ ਪੰਜਾਬ ਦੇ ਹਨ।

By  Amritpal Singh April 21st 2023 12:14 PM

Terrorist Attack: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 5 ਜਵਾਨਾਂ 'ਚੋਂ ਚਾਰ ਪੰਜਾਬ ਦੇ ਹਨ। ਇਹ ਜਵਾਨ ਗੁਰਦਾਸਪੁਰ, ਮੋਗਾ, ਲੁਧਿਆਣਾ ਅਤੇ ਬਠਿੰਡਾ ਦੇ ਵਸਨੀਕ ਹਨ। ਜਵਾਨਾਂ ਦੀ ਸ਼ਹਾਦਤ ਦਾ ਪਤਾ ਲੱਗਦਿਆਂ ਹੀ ਘਰਾਂ ਵਿੱਚ ਮਾਤਮ ਛਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਛੇਤੀ ਹੀ ਉਨ੍ਹਾਂ ਦੇ ਜੱਦੀ ਘਰ ਪਹੁੰਚ ਜਾਵੇਗੀ। ਜਿੱਥੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।

4 ਸ਼ਹੀਦਾਂ ਵਿੱਚ ਕਾਂਸਟੇਬਲ ਹਰਕ੍ਰਿਸ਼ਨ ਸਿੰਘ ਵਾਸੀ ਪਿੰਡ ਤਲਵੰਡੀ ਭਾਰਥ, ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ, ਕਾਂਸਟੇਬਲ ਮਨਦੀਪ ਸਿੰਘ ਪਿੰਡ ਚਣਕੋਈਆਂ, ਲੁਧਿਆਣਾ ਦੀ ਤਹਿਸੀਲ ਪਾਇਲ, ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ, ਮੋਗਾ ਅਤੇ ਕਾਂਸਟੇਬਲ ਸੇਵਕ ਸਿੰਘ ਪਿੰਡ ਬਾਘਾ, ਬਠਿੰਡਾ ।

ਰਾਸ਼ਟਰੀ ਰਾਈਫਲਜ਼ ਯੂਨਿਟ ਦਾ ਮੈਂਬਰ ਸੇਵਕ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੇਵਕ 20 ਦਿਨ ਪਹਿਲਾਂ ਛੁੱਟੀ ਖਤਮ ਕਰਕੇ ਡਿਊਟੀ 'ਤੇ ਗਿਆ ਸੀ।


ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਲਾਂਸ ਨਾਇਕ ਕੁਲਵੰਤ ਸਿੰਘ ਵੀ ਸ਼ਹੀਦ ਜਵਾਨਾਂ ਵਿੱਚ ਸ਼ਾਮਲ ਹੈ।


ਜਿਵੇਂ ਹੀ ਕੁਲਵੰਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਉਨ੍ਹਾਂ ਦੇ ਘਰ ਪੁੱਜੀ ਤਾਂ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਤਨੀ ਸੰਦੀਪ ਕੌਰ ਦੀ ਹਾਲਤ ਖਰਾਬ ਹੈ। ਸ਼ਹੀਦ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਸ਼ਹੀਦ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਸਨ। ਸ਼ਹੀਦ ਕੁਲਵੰਤ ਸਿੰਘ ਇੱਕ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਵਾਪਸ ਗਿਆ ਸੀ।


ਕਾਂਸਟੇਬਲ ਹਰਕ੍ਰਿਸ਼ਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਦਾ ਹੈ। ਜਵਾਨ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ, ਤਹਿਸੀਲ ਬਟਾਲਾ ਦਾ ਰਹਿਣ ਵਾਲਾ ਹੈ। ਹਰਕ੍ਰਿਸ਼ਨ ਸਿੰਘ ਆਪਣੇ ਪਿੱਛੇ ਪਤਨੀ ਤੇ ਇੱਕ ਦੋ ਸਾਲਾ ਬੱਚੀ ਤੇ ਬਜ਼ੁਰਗ ਮਾਂ-ਪਿਉ ਨੂੰ ਛੱਡ ਗਿਆ ਹੈ। ਹਰਕ੍ਰਿਸ਼ਨ ਦਾ ਪਿਤਾ ਮੰਗਲ ਸਿੰਘ ਵੀ ਫੌਜ ਵਿੱਚੋਂ ਹੀ ਰਿਟਾਇਰਡ ਹੋਏ ਹਨ।


Related Post