ਧੁੰਦ ਦੀ ਚਿੱਟੀ ਚਾਦਰ ਤੇ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਕੀਤੀ ਹੌਲੀ, ਸੂਬੇ 'ਚ ਅਲਰਟ ਜਾਰੀ

By  Ravinder Singh December 20th 2022 09:05 AM -- Updated: December 20th 2022 12:53 PM

ਚੰਡੀਗੜ੍ਹ : ਠੰਢ ਨੇ ਪੰਜਾਬ ਸਣੇ ਉੱਤਰ ਭਾਰਤ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।  ਮੌਸਮ ਵਿਭਾਗ ਮੁਤਾਬਕ ਪੰਜ ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਛਾਈ ਧੁੰਦ ਦੀ ਸੰਘਣੀ ਚਾਦਰ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਇਸ ਤੋਂ ਇਲਾਵਾ ਠੰਢ ਨੇ ਵੀ ਜ਼ੋਰ ਫੜ ਲਿਆ ਤੇ ਮੋਟਰਸਾਈਕਲ ਜਾਂ ਹੋਰ ਵਾਹਨਾਂ ਉਤੇ ਜਾਣ ਵਾਲੇ ਲੋਕਾਂ ਨੂੰ ਠਾਰ ਰਹੀ ਹੈ। ਇਸ ਦੌਰਾਨ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਅਤੇ ਕੁਝ ਹੋਰ ਥਾਵਾਂ 'ਤੇ ਵਿਜ਼ੀਬਿਲਟੀ 0 ਤੋਂ 40 ਮੀਟਰ ਰਹੀ। ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਵਿਜ਼ੀਬਿਲਿਟੀ ਜ਼ੀਰੋ ਰਹੀ।



ਗੁਰੂ ਨਗਰੀ ਵਿਚ ਅੱਜ ਠੰਢ ਤੇ ਧੁੰਦ ਦੀ ਵਿਛੀ ਚਾਦਰ ਕਾਰਨ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸੰਘਣੀ ਧੁੰਦ ਦੀ ਚਿੱਟੀ ਚਾਦਰ ਨੇ ਉੱਠਣਸਾਰ ਲੋਕਾਂ ਦਾ ਸਵਾਗਤ ਕੀਤਾ। ਵਿਜ਼ੀਬਿਲਟੀ ਨਾਮਤਰ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਕੰਮਕਾਜ ਤੇ ਸਕੂਲਾਂ ਲਈ ਜਾਣ ਵਾਲੇ ਵਿਦਿਆਰਥੀ ਆਪਣੀ ਮੰਜ਼ਿਲ ਉਤੇ ਦੇਰੀ ਨਾਲ ਪੁੱਜੇ।

ਇਹ ਵੀ ਪੜ੍ਹੋ : ਰਾਜਪੁਰਾ ਪੱਤਰਕਾਰ ਖ਼ੁਦਕੁਸ਼ੀ ਮਾਮਲਾ : ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਲਗਾਈ ਅਗਾਊਂ ਜ਼ਮਾਨਤ

ਬਠਿੰਡਾ 'ਚ ਸਵੇਰ ਵੇਲੇ ਵੀ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਸੜਕਾਂ 'ਤੇ ਜਾਣਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਠੰਢ ਦੇ ਨਾਲ-ਨਾਲ ਧੁੰਦ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਨੂੰ ਆਉਣ-ਜਾਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਗਰਮ ਕੱਪੜੇ ਪਾ ਕੇ ਆਪਣੇ ਆਪ ਨੂੰ ਠੰਢ ਤੋਂ ਬਚਾ ਰਹੇ ਹਨ।


ਇਸ ਤੋਂ ਇਲਾਵਾ ਜਲੰਧਰ ਵਿਚ ਵੀ ਸੰਘਣੀ ਧੁੰਦ ਤੇ ਠੰਢ ਨੇ ਆਪਣਾ ਅਸਰ ਦਿਖਾਇਆ। ਇਸ ਕਾਰਨ ਇਥੇ ਵੀ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ।


ਸੀਤ ਲਹਿਰ ਦੀ ਚਿਤਾਵਨੀ

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਕੁਝ ਸੂਬਿਆਂ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ।

Related Post