Iran-Israel war ਦਾ ਅਸਰ ਹੁਣ ਗੁਰੂ ਘਰ ਦੇ ਸਰੋਪਿਆਂ ਤੇ; ਕੈਮੀਕਲ ਦੀ ਸਪਲਾਈ ਰੁਕਣ ਕਾਰਨ ਪੈਦਾ ਹੋਇਆ ਸੰਕਟ

ਸ੍ਰੀ ਧਾਗੇੜਾ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ, ਜਿਸ ਉਪਰੰਤ ਸੰਗਤ ਨੂੰ ਗੁਰੂ ਦੀ ਬਖਸ਼ਿਸ਼ ਵਜੋਂ ਸਰੋਪਾ ਭੇਟ ਕੀਤਾ ਜਾਂਦਾ ਹੈ। ਸਿਰਫ਼ ਸ੍ਰੀ ਦਰਬਾਰ ਸਾਹਿਬ ਹੀ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਲਈ ਵੀ ਸਰੋਪਿਆਂ ਦੀ ਸਪਲਾਈ ਇੱਥੋਂ ਹੀ ਕੀਤੀ ਜਾਂਦੀ ਹੈ।

By  Aarti March 30th 2026 02:52 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਜਿੱਥੇ ਦੇਸ਼-ਵਿਦੇਸ਼ ਦੇ ਹਾਲਾਤਾਂ ਦਾ ਅਸਰ ਅਕਸਰ ਵਪਾਰ 'ਤੇ ਪੈਂਦਾ ਹੈ, ਉੱਥੇ ਹੀ ਹੁਣ ਇਰਾਨ ਵਿੱਚ ਚੱਲ ਰਹੀ ਜੰਗ ਦਾ ਸਿੱਧਾ ਅਸਰ ਗੁਰੂ ਘਰਾਂ ਵਿੱਚ ਦਿੱਤੇ ਜਾਣ ਵਾਲੇ ਸਰੋਪਿਆਂ ਦੀ ਸਪਲਾਈ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਾਗੇੜਾ ਨੇ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

ਸ੍ਰੀ ਧਾਗੇੜਾ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ, ਜਿਸ ਉਪਰੰਤ ਸੰਗਤ ਨੂੰ ਗੁਰੂ ਦੀ ਬਖਸ਼ਿਸ਼ ਵਜੋਂ ਸਰੋਪਾ ਭੇਟ ਕੀਤਾ ਜਾਂਦਾ ਹੈ। ਸਿਰਫ਼ ਸ੍ਰੀ ਦਰਬਾਰ ਸਾਹਿਬ ਹੀ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਲਈ ਵੀ ਸਰੋਪਿਆਂ ਦੀ ਸਪਲਾਈ ਇੱਥੋਂ ਹੀ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸਾਲ ਦੇ ਅਖੀਰਲੇ ਦਿਨਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇੱਕ ਫਰਮ ਨੂੰ 1 ਲੱਖ ਮੀਟਰ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ। ਪਰ ਫਰਮ ਵੱਲੋਂ ਹੁਣ ਤੱਕ ਸਿਰਫ਼ 19,000 ਮੀਟਰ ਕੱਪੜਾ ਹੀ ਮੁਹੱਈਆ ਕਰਵਾਇਆ ਗਿਆ ਹੈ। ਫਰਮ ਅਨੁਸਾਰ, ਸਰੋਪਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵਰਤਿਆ ਜਾਣ ਵਾਲਾ ਖ਼ਾਸ 'ਕੈਮੀਕਲ' ਇਰਾਨ ਤੋਂ ਆਉਂਦਾ ਹੈ, ਜੋ ਕਿ ਜੰਗ ਕਾਰਨ ਫਿਲਹਾਲ ਬੰਦ ਹੋ ਚੁੱਕਾ ਹੈ। ਇਸ ਕਾਰਨ ਫਰਮ ਨੇ ਪੂਰਾ ਆਰਡਰ ਵੇਲੇ ਸਿਰ ਦੇਣ ਵਿੱਚ ਅਸਮਰਥਾ ਪ੍ਰਗਟਾਈ ਹੈ।

ਮੈਨੇਜਰ ਸਾਹਿਬ ਨੇ ਸਪੱਸ਼ਟ ਕੀਤਾ ਕਿ ਭਾਵੇਂ ਲੰਗਰ ਅਤੇ ਸੰਗਤ ਦੀ ਆਮਦ 'ਤੇ ਕੋਈ ਅਸਰ ਨਹੀਂ ਹੈ, ਪਰ ਸਰੋਪਿਆਂ ਦੀ ਘਾਟ ਇੱਕ ਚੁਣੌਤੀ ਬਣ ਗਈ ਹੈ। ਫਿਰ ਵੀ ਪ੍ਰਬੰਧਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦ ਸਟਾਕ ਰਾਹੀਂ ਸੰਗਤ ਨੂੰ ਬਖਸ਼ਿਸ਼ ਦੇ ਰੂਪ ਵਿੱਚ ਸਰੋਪਾ ਦੇਣ ਦੀ ਮਰਯਾਦਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਉਨ੍ਹਾਂ ਅਖੀਰ ਵਿੱਚ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਨਾਲ ਆਪਣੀ ਗੱਲ ਸਮਾਪਤ ਕੀਤੀ।

ਇਹ ਵੀ ਪੜ੍ਹੋ : Amritsar Blast News : ਸਰਹੱਦੀ ਕਸਬਾ ਭਿੰਡੀ ਸੈਦਾਂ ’ਚ ਹੋਇਆ ਧਮਾਕਾ ; ਥਾਣੇ ਦੇ ਪਿਛਲੇ ਗੇਟ ਕੋਲ ਸੁੱਟੇ ਗਏ 2 ਹੈਂਡ ਗ੍ਰੇਨੇਡ

Related Post