Amritsar Murder : ਅੰਮ੍ਰਿਤਸਰ 'ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, 35 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
Youth Killed in Amritsar Murder : ਅੰਮ੍ਰਿਤਸਰ ਜ਼ਿਲ੍ਹੇ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪਿੰਡ ਰਾਜਾਤਾਲ (Rajatal Murder) ਦੀ ਹੈ, ਜਿਥੇ ਸਵੇਰੇ ਕੰਮ 'ਤੇ ਜਾਣ ਲੱਗਿਆ 35 ਸਾਲਾ ਨੌਜਵਾਨ ਸੋਹਣਾ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਮੁਲਜ਼ਮ ਉਸਦੀ ਸਾਈਕਲ ਅਤੇ ਮੋਬਾਈਲ ਫੋਨ ਵੀ ਲੈ ਗਿਆ।
ਘਟਨਾ ਅੱਜ ਸਵੇਰੇ 10 ਵਜੇ ਦੇ ਕਰੀਬ ਅਟਾਰੀ ਖੇਤਰ ਨੇੜੇ ਵਾਪਰੀ। ਜਾਣਕਾਰੀ ਮਿਲਦੇ ਹੀ ਪੁਲਿਸ ਦੀ ਇੱਕ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦਾ ਕਾਰਨ ਫਿਲਹਾਲ ਅਣਜਾਣ ਹੈ, ਅਤੇ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ, ਸੋਹਣਾ ਸਿੰਘ ਸਵੇਰੇ ਰੋਜ਼ਾਨਾ ਕੰਮ ਲਈ ਆਪਣੇ ਘਰੋਂ ਨਿਕਲਿਆ ਸੀ। ਜਿਵੇਂ ਹੀ ਉਹ ਰਾਜਾਤਾਲ ਪਿੰਡ ਦੇ ਨੇੜੇ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਤਿਆਰੀ ਕਰਕੇ ਬੈਠੇ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਏ ਹਮਲੇ ਕਾਰਨ ਉਹ ਮੌਕੇ 'ਤੇ ਹੀ ਡਿੱਗ ਪਿਆ ਅਤੇ ਮੌਤ ਹੋ ਗਈ।
ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ, ਪਰ ਉਦੋਂ ਤੱਕ ਹਮਲਾਵਰ ਭੱਜ ਚੁੱਕੇ ਸਨ। ਦੋਸ਼ੀ ਉਸਦੀ ਸਾਈਕਲ ਅਤੇ ਮੋਬਾਈਲ ਫੋਨ ਵੀ ਚੋਰੀ ਕਰ ਚੁੱਕੇ ਸਨ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਮਲਾਵਰਾਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS