Mon, Mar 30, 2026
Whatsapp

SOI ਸੰਗਠਨ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ ਦਰਜ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਓ ਆਈ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਫਤਿਹਗੜ੍ਹ ਵਿਖੇ ਸਮਾਗਮ ਦੌਰਾਨ ਐਸ ਓ ਆਈ ਦੇ ਖਿਲਾਫ ਬੇਹੱਦ ਇਤਰਾਜ਼ਯੋਗ ਤੇ ਮੰਦੀ ਭਾਸ਼ਾ ਵਰਤੀ ਹੈ।

Reported by:  PTC News Desk  Edited by:  Aarti -- March 30th 2026 04:48 PM
SOI ਸੰਗਠਨ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ ਦਰਜ

SOI ਸੰਗਠਨ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ ਦਰਜ

ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਮੁਖੀ ਰਣਬੀਰ ਸਿੰਘ ਰਾਣਾ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਠਨ ਖਿਲਾਫ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਬਦਲੇ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ ਅਤੇ ਉਹਨਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਆਪਣਾ ਤੇ ਆਪਣੇ ਕੈਬਨਿਟ ਮੰਤਰੀਆਂ ਦਾ ਐਸ ਓ ਆਈ ਮੈਂਬਰਾਂ ਨਾਲ ਡੋਪ ਟੈਸਟ ਕਰਵਾ ਕੇ ਵਿਖਾਉਣ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਓ ਆਈ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਫਤਿਹਗੜ੍ਹ ਵਿਖੇ ਸਮਾਗਮ ਦੌਰਾਨ ਐਸ ਓ ਆਈ ਦੇ ਖਿਲਾਫ ਬੇਹੱਦ ਇਤਰਾਜ਼ਯੋਗ ਤੇ ਮੰਦੀ ਭਾਸ਼ਾ ਵਰਤੀ ਹੈ। ਉਹਨਾਂ ਕਿਹਾ ਕਿ ਭਾਵੇਂ ਭਗਵੰਤ ਮਾਨ ਇਕ ਸੰਵਿਧਾਨਕ ਅਹੁਦੇ ’ਤੇ ਬੈਠੇ ਹਨ ਪਰ ਕਦੇ ਵੀ ਉਹਨਾਂ ਜਨਤਕ ਜੀਵਨ ਵਿਚ ਚੰਗਾ ਕਿਰਦਾਰ ਨਹੀਂ ਵਿਖਾਇਆ। ਉਹਨਾਂ ਕਿਹਾ ਕਿ ਕਿੱਤੇ ਪੱਖੋਂ ਉਹ ਇਕ ਸਟੇਜ ਕਲਾਕਾਰ ਹਨ ਤੇ ਹੁਣ ਵੀ ਉਹ ਹਰ ਸਟੇਜ ’ਤੇ ਇਸੇ ਤਰੀਕੇ ਪੇਸ਼ ਆਉਂਦੇ ਹਨ ਤੇ ਨੌਜਵਾਨ ਕੁੜੀਆਂ ਦੇ ਸਾਹਮਣੇ ਔਰਤਾਂ ਬਾਰੇ ਬੇਹੱਦ ਇਤਰਾਜ਼ਯੋਗ ਭਾਸ਼ਾ ਵਰਤਦੇ ਹਨ ਜੋ ਉਹਨਾਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।


ਉਹਨਾਂ ਕਿਹਾ ਕਿ ਐਸ ਓ ਆਈ ਅਕਾਲੀ ਦਲ ਦਾ ਸਟੂਡੈਂਟ ਵਿੰਗ ਹੈ ਅਤੇ ਇਸਦੇ ਮੈਂਬਰ ਬਹੁਤ ਹੀ ਪੜ੍ਹੇ ਲਿਖੇ ਹਨ। ਉਹਨਾਂ ਕਿਹਾ ਕਿ ਸੰਗਠਨ ਦੇ ਬਹੁ ਗਿਣਤੀ ਮੈਂਬਰ ਮਾਸਟਰਜ਼ ਡਿਗਰੀ ਧਾਰਕ ਹਨ ਤੇ ਅਨੇਕਾਂ ਹੋਰ ਪੀ ਐਚ ਡੀ ਡਿਗਰੀ ਧਾਰਕ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਹਾਲ ਹੀ ਵਿਚ ਮਜੀਠੀਆ ਦੇ ਇੰਚਾਰਜ ਤਲਬੀਰ ਗਿੱਲ ਦਾ ਪੀ ਏ ਚਿੱਟਾ ਵੇਚਦਾ ਫੜਿਆ ਗਿਆ ਤੇ ਇਸੇ ਤਰੀਕੇ ਅੰਮ੍ਰਿਤਸਰ ਤੇ ਹੋਰ ਥਾਵਾਂ ’ਤੇ ਸੱਤਾਧਾਰੀ ਪਾਰਟੀ ਦੇ ਆਗੂ ਨਸ਼ੇ ਵੇਚਦੇ ਫੜੇ ਗਏ।

ਉਹਨਾਂ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣਾ ਤੇ ਆਪਣੇ ਕੈਬਨਿਟ ਸਾਥੀਆਂ ਦਾ ਐਸ ਓ ਆਈ ਮੈਂਬਰਾਂ ਦੇ ਨਾਲ ਹੀ ਡੋਪ ਟੈਸਟ ਕਰਵਾ ਕੇ ਵਿਖਾਉਣ ਜਿਸ ਤੋਂ ਪਤਾ ਲੱਗਾ ਜਾਵੇਗਾ ਕਿ ਨਸ਼ੇੜੀ ਕੌਣ ਹੈ ? ਉਹਨਾਂ ਕਿਹਾ ਕਿ ਐਸ ਓ ਆਈ ਦੇ ਮੈਂਬਰ ਮੁੱਖ ਮੰਤਰੀ ਦੀ ਚੁਣੀ ਤਾਰੀਕ ਤੇ ਸਮੇਂ ’ਤੇ ਡੋਪ ਟੈਸਟ ਵਾਸਤੇ ਤਿਆਰ ਬਰ ਤਿਆਰ ਹਨ।

ਉਹਨਾਂ ਕਿਹਾ ਕਿ ਐਸ ਓ ਆਈ ਸੰਗਠਨ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤਣ ’ਤੇ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਕਰੇਗੀ ਕਿਉਂਕਿ ਇਹ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕਰਾਂਗੇ ਅਤੇ ਭਲਕੇ 31 ਮਾਰਚ ਨੂੰ ਦੁਪਹਿਰ ਵੇਲੇ ਮੁੱਖ ਮੰਤਰੀ ਦੇ ਪੁਤਲੇ ਵੀ ਸਾੜਾਂਗੇ। ਇਸ ਮੌਕੇ ਤੇ ਹਰਕਮਲ ਸਿੰਘ ਭੂਰੇਗਿੱਲ,ਹਰਮਨਦੀਪ ਸਿੰਘ ਰੰਧਾਵਾ,ਅਮੀਰ ਸਿੰਘ ਪੰਨੂ,ਤਰਨਦੀਪ ਚੀਮਾ ਅਤੇ ਸੌਰਵਦੀਪ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ : Bathinda ’ਚ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ; ਮੁਹਾਲੀ ਦੇ ਬਿਲਡਰ ’ਤੇ ਲਗਾਏ ਇਲਜਾਮ

- PTC NEWS

Top News view more...

Latest News view more...

PTC NETWORK
PTC NETWORK