ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ

By  Ravinder Singh November 26th 2022 04:01 PM

ਗੁਰਦਾਸਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਅੱਜ ਇਤਿਹਾਸਕ ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ ਮਨਾਉਂਦਿਆਂ ਕੇਂਦਰ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈਕੇ ਡੀਸੀ ਦਫ਼ਤਰ ਗੁਰਦਾਸਪੁਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਦਿੱਲੀ ਦੇ ਇਤਿਹਾਸਕ ਮੋਰਚੇ ਦੀ ਦੂਜੀ ਵਰ੍ਹੇਗੰਢ ਨੂੰ ਸਮਰਪਿਤ ਅਤੇ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ਼ ਗੁਰਦਾਸਪੁਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ। 


ਲਖੀਮਪੁਰ ਖੀਰੀ ਕਾਂਡ ਤੇ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਧਰਨੇ ਦੌਰਾਨ ਜਥੇਬੰਦੀ ਦੇ ਆਗੂ ਲਖਵਿੰਦਰ ਸਿੰਘ ਤੇ ਹਰਭਜਨ ਸਿੰਘ  ਨੇ ਦੱਸਿਆ ਕੇ 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ, ਬਿਜਲੀ ਵੰਡ ਰੂਲਜ਼ ਵੰਡ 2022 ਦਾ ਨੋਟੀਫਿਕੇਸ਼ਨ ਰੱਦ ਕਰਨ, ਦਿੱਲੀ ਮੋਰਚੇ ਦੌਰਾਨ ਕਿਸਾਨਾਂ ਮਜ਼ਦੂਰਾਂ ਉਤੇ ਕੀਤੇ ਪਰਚੇ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕਰਨ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ,  17.5 (ਸਾਢੇ ਸਤਾਰਾਂ) ਏਕੜ ਹੱਦਬੰਦੀ ਕਨੂੰਨ ਲਾਗੂ ਕਰਕੇ ਸਰਪਲਸ ਜ਼ਮੀਨ ਬੇਜ਼ਮੀਨਿਆਂ ਤੇ ਥੁੜ ਜ਼ਮੀਨਿਆਂ 'ਚ ਵੰਡਣ, ਯੁਮਲਾ- ਮੁਸਤਰਕਾ ਖਾਤਿਆਂ ਦੀ ਜ਼ਮੀਨ ਕਿਸਾਨ ਦੇ ਨਾਮ ਪੱਕੀ ਕਰਨ, ਨਹਿਰੀ ਪਾਣੀ ਸਾਫ਼ ਕਰਨ ਦੇ ਪ੍ਰਾਜੈਕਟ ਰੱਦ ਕਰਨ, ਧਰਤੀ ਹੇਠਲਾ ਤੇ ਧਰਤੀ ਉਪਰਲੇ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਕਰਨ, ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣਨ ਵਾਲੀਆਂ ਸੜਕਾਂ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਰੇਟ ਇਕਸਾਰ ਕਰਨ ਦੀ ਮੰਗ ਪੂਰੀ ਕੀਤੀ ਜਾਵੇ।


ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਪੂਰੇ ਪੰਜਾਬ ਦੇ 10 ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਇਹ ਧਰਨੇ ਦਿਨ ਰਾਤ ਚੱਲਦੇ ਰਹਿਣਗੇ ਤੇ ਆਉਂਦੇ ਸਮੇ ਦੌਰਾਨ ਜੋ ਵੀ ਉੱਚ ਆਗੂ ਫੈਸਲਾ ਲੈਣਗੇ ਉਸਦੇ ਮੁਤਾਬਿਕ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।


ਉਨ੍ਹਾਂ ਨੇ ਕਿਹਾ ਕਿ ਜੇਕਰ ਦਿੱਲੀ ਵਿਚ 13 ਮਹੀਨੇ ਧਰਨੇ ਚਲਾ ਸਕਦੇ ਹਾਂ ਤਾਂ ਹੁਣ ਜੇ 26 ਮਹੀਨੇ ਵੀ ਧਰਨੇ ਲਗਾਉਣੇ ਪੈਣ ਪਿੱਛੇ ਨਹੀਂ ਹਟਾਂਗੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਅਹਿਮ ਐਲਾਨ

Related Post