ਬਰਨਾਲਾ ‘ਚ ਪੁਲਿਸ ਮੁਲਾਜ਼ਮ ਦਾ ਕਤਲ, ਜਾਂਚ ‘ਚ ਜੁਟਿਆ ਪੁਲਿਸ ਪ੍ਰਸ਼ਾਸਨ

By  Shameela Khan October 23rd 2023 09:04 AM -- Updated: October 23rd 2023 09:39 AM

ਬਰਨਾਲਾ: ਬਰਨਾਲਾ ਸ਼ਹਿਰ ਵਿੱਚ ਐਤਵਾਰ ਦੇਰ ਰਾਤ ਇੱਕ ਪੁਲਿਸ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਦੇ ਵਰਕਰਾਂ ਵਿੱਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਥਾਣਾ ਸਿਟੀ ਵਨ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰੈਸਟੋਰੈਂਟ ‘ਚ ਲੜਾਈ ਕਰਨ ਵਾਲੇ ਕਬੱਡੀ ਖਿਡਾਰੀਆਂ ਨੂੰ ਕਾਰ ‘ਚ ਬੈਠਣ ਲਈ ਕਿਹਾ ਜਿਸ ਤੋਂ ਬਾਅਦ ਮੁਲਜ਼ਮਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ।

ਜਿਸ ਤੋਂ ਬਾਅਦ ਮੁਲਜ਼ਮਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੇ ਚਸ਼ਮਦੀਦਾਂ ਅਨੁਸਾਰ ਮੁਲਜ਼ਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨ। ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਰੈਸਟੋਰੈਂਟ ਦੀ ਭੰਨਤੋੜ ਵੀ ਕੀਤੀ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਮ੍ਰਿਤਕ ਦਰਸ਼ਨ ਸਿੰਘ ਪਿਛਲੇ ਕਾਫੀ ਸਮੇਂ ਤੋਂ ਥਾਣਾ ਸਿਟੀ ਇਕ ਵਿਚ ਕਾਂਸਟੇਬਲ ਵਜੋਂ ਡਿਊਟੀ ਕਰ ਰਿਹਾ ਸੀ। ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਘਟਨਾ ਦੇ ਚਸ਼ਮਦੀਦ ਗਵਾਹ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ 25 ਏਕੜ ਦੇ ਇਲਾਕੇ ਵਿੱਚ ਇੱਕ ਰੈਸਟੋਰੈਂਟ ਵਿੱਚ ਕੁਝ ਕਬੱਡੀ ਖਿਡਾਰੀ ਬੈਠੇ ਸ਼ਰਾਬ ਪੀ ਰਹੇ ਸਨ। ਰੈਸਟੋਰੈਂਟ ਦੇ ਮਾਮਲੇ ਨੂੰ ਲੈ ਕੇ ਰੈਸਟੋਰੈਂਟ ਮਾਲਕ ਅਤੇ ਕਬੱਡੀ ਖਿਡਾਰੀਆਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਰੈਸਟੋਰੈਂਟ ਮਾਲਕਾਂ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾ ਲਿਆ।

ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਮਗਰੋਂ ਮੁਲਜ਼ਮਾਂ ਨੇ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਉਸ ਦਾ ਸਾਥੀ ਮੁਲਾਜ਼ਮ ਸਿਵਲ ਹਸਪਤਾਲ ਬਰਨਾਲਾ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਸੜਕ ’ਤੇ ਸੁੱਟੇ ਜਾਣ ਕਾਰਨ ਉਸ ਦਾ ਸਿਰ ਸੜਕ ’ਤੇ ਵੱਜ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਤਾਇਨਾਤ ਸਾਰੇ ਪੁਲੀਸ ਮੁਲਾਜ਼ਮ ਉੱਥੋਂ ਚਲੇ ਗਏ। ਇਸ ਤੋਂ ਬਾਅਦ ਮੁਲਜ਼ਮ ਕਬੱਡੀ ਖਿਡਾਰੀ ਰੈਸਟੋਰੈਂਟ ਵਿੱਚ ਭੰਨਤੋੜ ਕਰਕੇ ਫ਼ਰਾਰ ਹੋ ਗਏ।

Related Post