ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ

By  Ravinder Singh December 11th 2022 08:54 PM

ਮਲੋਟ : ਅਸਲੇ ਦੇ ਵਿਖਾਏ ਨੂੰ ਲੈ ਕੇ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਨਾਕਾਫੀ ਸਾਬਿਤ ਹੋ ਰਹੀਆਂ ਹਨ। ਲੋਕ ਸ਼ਰੇਆਮ ਵਿਆਹ-ਸ਼ਾਦੀ ਤੇ ਹੋਰ ਸਮਾਗਮਾਂ ਵਿਚ ਅਸਲਾ ਲੈ ਕੇ ਜਾ ਰਹੇ ਹਨ। ਇਸ ਕਾਰਨ ਪੰਜਾਬ ਵਿਚ ਵੱਡੇ ਪੱਧਰ ਉਤੇ ਘਟਨਾਵਾਂ ਵੀ ਵਾਪਰ ਰਹੀਆਂ ਹਨ। ਅੱਜ ਮਲੋਟ ਵਿਚ ਵਿਆਹ ਸਮਾਗਮ ਦੌਰਾਨ ਆਰਕੈਸਟਰਾਂ ਉਤੇ ਗਾਣੇ ਲਗਾਉਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਲਾੜੇ ਦੇ ਰਿਸ਼ਤੇਦਾਰ ਵੱਲੋਂ ਚਲਾਈ ਗਈ ਗੋਲ਼ੀ ਵਿਚ ਇਕ ਫਾਇਨਾਂਸ ਕੰਪਨੀ ਦਾ ਮਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ।


ਸਥਾਨਕ ਮਲੋਟ ਰੋਡ ਉਤੇ ਸਥਿਤ ਇਕ ਪੈਲੇਸ ਵਿਚ ਲਾੜੇ ਦੇ ਰਿਸ਼ਤੇਦਾਰ ਵੱਲੋਂ ਗੋਲ਼ੀ ਚਲਾਉਣ ਕਾਰਨ ਇਕ ਫਾਇਨਾਂਸ ਕੰਪਨੀ ਦਾ ਮਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿਸਨੂੰ ਇਥੋਂ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬਰਾਤ ਜ਼ੀਰਾ ਖੇਤਰ 'ਚੋਂ ਆਈ ਸੀ। ਪੈਲਸ ਵਿਚ ਲਾੜੇ ਦੇ ਇਕ ਰਿਸ਼ਤੇਦਾਰ ਬਰਾਤੀ ਵੱਲੋਂ ਆਰਕੇਸਟਰਾ 'ਤੇ ਗਾਣੇ ਚਲਾਉਣ ਨੂੰ ਲੈ ਕੇ ਲੜਾਈ ਸ਼ੁਰੂ ਕਰ ਦਿੱਤੀ ਤੇ ਤਕਰਾਰ ਦੌਰਾਨ ਉਸ ਨੇ ਗੋਲ਼ੀ ਚਲਾ ਦਿੱਤੀ, ਜਿਹੜੀ ਵਿਆਹ ਵਿਚ ਆਏ ਫਾਇਨਾਂਸ ਕੰਪਨੀ ਦੇ ਮਾਲਕ ਗੁਰਲਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਗੱਟਾ ਬਾਦਸ਼ਾ ਨੂੰ ਲੱਗੀ।


ਜ਼ਖ਼ਮੀ ਹਾਲਤ ’ਚ ਗੁਰਲਾਲ ਸਿੰਘ ਨੂੰ ਸ੍ਰੀ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦਾ ਇਲਾਜ ਕਰ ਰਹੇ ਡਾਕਟਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਜ਼ਖਮੀ ਦਾ ਫੌਰੀ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਅਸਲ ਸਥਿਤੀ ਦਾ ਪਤਾ ਲੱਗੇਗਾ। ਥਾਣਾ ਸਦਰ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹੈ।

Related Post