ਚੰਡੀਗੜ੍ਹ ਦੇ SSP ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਕ ਹੋਏ ਆਹਮੋ-ਸਾਹਮਣੇ

By  Ravinder Singh December 14th 2022 05:27 PM -- Updated: December 14th 2022 05:35 PM

ਚੰਡੀਗੜ੍ਹ : ਚੰਡੀਗੜ੍ਹ ਦੇ ਐਸਐਸਪੀ ਅਹੁਦੇ ਦਾ ਵਿਵਾਦ ਭਖ਼ਦਾ ਜਾ ਰਿਹਾ ਹੈ ਅਤੇ ਇਸ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਗਵਨਰ ਮੁੜ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ।  ਗਵਰਨਰ ਨੇ ਚੰਡੀਗੜ੍ਹ ਤੋਂ SSP ਕੁਲਦੀਪ ਚਾਹਲ ਨੂੰ ਵਾਪਸ ਭੇਜੇ ਜਾਣ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਅਹਿਮ ਖ਼ੁਲਾਸੇ ਕੀਤੇ ਹਨ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਾਰੀ ਪੱਤਰ ਵਿਚ ਦੱਸਿਆ ਗਿਆ ਕਿ ਐਸਐਸਪੀ ਚਾਹਲ ਨੂੰ ਅਹੁਦੇ ਤੋਂ ਲਾਂਭੇ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਰਾਜਪਾਲ ਨੇ ਬੁੱਧਵਾਰ ਨੂੰ ਵਾਪਸ ਲਿਖਦਿਆਂ ਕਿਹਾ ਕਿ ਇਹ ਕਾਰਵਾਈ ''ਦੁਰਵਿਵਹਾਰ'' ਦੀਆਂ ਰਿਪੋਰਟਾਂ ਤੋਂ ਬਾਅਦ ਕੀਤੀ ਗਈ ਸੀ।


ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਤੋਂ 3 IPS ਅਫ਼ਸਰਾਂ ਦਾ ਪੈਨਲ ਮੰਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਜਵਾਬ ਦਾਖ਼ਲ ਨਹੀਂ ਕਰਵਾਇਆ ਗਿਆ ਸੀ। ਇਸ ਪੱਤਰ ਵਿਚ ਲਿਖਿਆ ਗਿਆ ਕਿ 30 ਨਵੰਬਰ ਨੂੰ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਪੰਜਾਬ ਭੇਜੇ ਜਾਣ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ 28 ਨਵੰਬਰ ਨੂੰ ਮੁੱਖ ਸਕੱਤਰੇਤ ਨਾਲ ਉਨ੍ਹਾਂ ਨੇ ਖ਼ੁਦ ਗੱਲ ਕੀਤੀ। ਇਸ ਤੋ ਬਾਅਦ 30 ਨਵੰਬਰ ਨੂੰ ਡੀਜੀਪੀ ਪ੍ਰਵੀਰ ਰੰਜਨ ਨੇ ਮੁਲਾਕਾਤ ਕਰਕੇ ਪੈਨਲ ਦੀ ਗੱਲ ਕਹੀ। ਇਸ ਤੋਂ ਇਲਾਵਾ 30 ਨਵੰਬਰ ਨੂੰ ਸਲਾਹਕਾਰ ਨੇ 3 ਆਈਪੀਐਸ ਅਫਸਰਾਂ ਦਾ ਪੈਨਲ ਮੰਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਪੈਨਲ ਨਾ ਭੇਜੇ ਜਾਣ ਉਤੇ ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਨੂੰ ਐਸਐਸਪੀ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਸੁਲਝਾਉਣ ਵਾਲੇ ਅਧਿਕਾਰੀਆਂ ਨੂੰ Y ਸ਼੍ਰੇਣੀ ਦੀ ਸੁਰੱਖਿਆ

ਕਾਬਿਲੇਗੌਰ ਹੈ ਕਿ ਯੂਟੀ ਪ੍ਰਸ਼ਾਸਨ ਨੇ ਸੋਮਵਾਰ ਦੇਰ ਰਾਤ ਚੰਡੀਗੜ੍ਹ ਵਿੱਚ ਬਤੌਰ ਐੱਸਐੱਸਪੀ ਤਾਇਨਾਤ ਕੁਲਦੀਪ ਸਿੰਘ ਚਹਿਲ ਨੂੰ ਰਿਲੀਵ ਕਰਕੇ ਪੰਜਾਬ ਵਾਪਸ ਭੇਜ ਦਿੱਤਾ ਸੀ। ਇਹ ਆਦੇਸ਼ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਜਾਰੀ ਕੀਤੇ ਸਨ। ਯੂਟੀ ਪ੍ਰਸ਼ਾਸਨ ਨੇ ਦੇਰ ਰਾਤ ਆਦੇਸ਼ ਜਾਰੀ ਕਰਦਿਆਂ ਤੁਰੰਤ ਪ੍ਰਭਾਵ ਤੋਂ ਐੱਸਐੱਸਪੀ ਨੂੰ ਰਿਲੀਵ ਕਰ ਦਿੱਤਾ ਸੀ ਜਦੋਂ ਕਿ ਐੱਸਐੱਸਪੀ ਟਰੈਫ਼ਿਕ ਵਜੋਂ ਤਾਇਨਾਤ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਦਾ ਵਾਧੂ ਚਾਰਜ ਦਿੱਤਾ ਗਿਆ ਸੀ।

Related Post