ਨੌਕਰੀ ਦੇ ਨਾਂ 'ਤੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਗ੍ਰਿਫਤਾਰ

Delhi Police: ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਇੱਕ ਫਰਜ਼ੀ ਪਲੇਸਮੈਂਟ ਏਜੰਸੀ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ

By  Amritpal Singh April 7th 2023 03:16 PM

Delhi Police: ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਇੱਕ ਫਰਜ਼ੀ ਪਲੇਸਮੈਂਟ ਏਜੰਸੀ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਨੇ 100 ਤੋਂ ਵੱਧ ਲੋਕਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੀੜਤਾਂ ਦੇ 68 ਭਾਰਤੀ ਪਾਸਪੋਰਟ, ਚੀਨੀ ਕੰਪਨੀ ਦੇ ਜਾਅਲੀ ਨੌਕਰੀ ਦੇ ਪੇਸ਼ਕਸ਼ ਪੱਤਰ ਅਤੇ ਤੁਰਕੀ ਅਤੇ ਇਥੋਪੀਆ ਦੀਆਂ ਜਾਅਲੀ ਈ-ਏਅਰ ਟਿਕਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਮੁਲਜ਼ਮਾਂ ਦੀ ਪਛਾਣ ਸੋਹੇਲ ਨਿਜ਼ਾਮ, ਪਰਵੇਜ਼ ਆਲਮ ਅਤੇ ਅਫਰੋਜ਼ ਆਲਮ ਵਜੋਂ ਹੋਈ ਹੈ, ਜੋ ਦਿੱਲੀ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ 3 ਅਪ੍ਰੈਲ ਨੂੰ ਦਿਲਾਵਰ ਸਿੰਘ ਨਾਮਕ ਵਿਅਕਤੀ ਨੇ ਸਰਿਤਾ ਵਿਹਾਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਗਾਇਆ ਸੀ ਕਿ 'ਏਆਰ ਇੰਟਰਪ੍ਰਾਈਜਿਜ਼' ਦੇ ਮਾਲਕ ਨੇ ਉਸ ਨੂੰ ਤੁਰਕੀ ਅਤੇ ਇਥੋਪੀਆ ਦੀਆਂ ਪ੍ਰਮੁੱਖ ਵਿਦੇਸ਼ੀ ਕੰਪਨੀਆਂ 'ਚ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰੀ ਹੈ।

ਦੱਖਣ-ਪੂਰਬੀ ਜ਼ਿਲੇ ਦੇ ਪੁਲਿਸ ਡਿਪਟੀ ਕਮਿਸ਼ਨਰ ਰਾਜੇਸ਼ ਦਿਓ ਨੇ ਦੱਸਿਆ ਕਿ ਉਸ ਨੇ ਵਿਦੇਸ਼ੀ ਕੰਪਨੀਆਂ 'ਚ ਨੌਕਰੀ ਦਿਵਾਉਣ ਦੇ ਬਦਲੇ 'ਚ ਦੋਸ਼ੀ ਨੂੰ ਇਕ ਲੱਖ ਰੁਪਏ ਆਨਲਾਈਨ ਅਤੇ ਨਕਦ ਦਿੱਤੇ ਸਨ। ਬਦਲੇ 'ਚ ਉਨ੍ਹਾਂ ਨੇ ਉਸ ਨੂੰ ਈ-ਵੀਜ਼ਾ, ਨੌਕਰੀ ਦਾ ਆਫਰ ਲੈਟਰ ਅਤੇ ਹਵਾਈ ਟਿਕਟ ਦਿੱਤੀ, ਜੋ ਕਿ ਫਰਜ਼ੀ ਨਿਕਲੀ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਫ਼ੋਨ ਵੀ ਚੁੱਕਣੇ ਬੰਦ ਕਰ ਦਿੱਤੇ। ਜਾਂਚ ਦੌਰਾਨ ਤਕਨੀਕੀ ਨਿਗਰਾਨੀ ਦੇ ਆਧਾਰ 'ਤੇ ਪੁਲਸ ਟੀਮ ਨੇ ਸੋਹੇਲ ਨਿਜ਼ਾਮ ਨੂੰ ਗ੍ਰਿਫਤਾਰ ਕਰ ਲਿਆ।

ਡੀਸੀਪੀ ਨੇ ਕਿਹਾ, ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਦੇ ਕਹਿਣ 'ਤੇ ਅਫਰੋਜ਼ ਅਤੇ ਪਰਵੇਜ਼ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਵਿਦੇਸ਼ ਵਿੱਚ ਨੌਕਰੀ ਦੀ ਮੰਗ ਕਰਨ ਵਾਲੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਸੋਹੇਲ ਨੇ ਖੁਲਾਸਾ ਕੀਤਾ ਕਿ ਉਸ ਨੇ ਨੌਕਰੀ ਦੇ ਚਾਹਵਾਨਾਂ ਨੂੰ ਧੋਖਾ ਦੇਣ ਲਈ 'ਏਆਰ ਇੰਟਰਪ੍ਰਾਈਜਿਜ਼' ਦੇ ਨਾਮ 'ਤੇ ਇੱਕ ਫਰਜ਼ੀ ਵੈੱਬਸਾਈਟ ਬਣਾਈ ਸੀ। ਉਹ ਸੋਸ਼ਲ ਮੀਡੀਆ ਰਾਹੀਂ ਇਸ ਕੰਪਨੀ ਦੇ ਨਾਮ ਅਤੇ ਕੰਮ ਦਾ ਪ੍ਰਚਾਰ ਕਰਦੇ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਤੁਰਕੀ ਅਤੇ ਇਥੋਪੀਆ ਦੀਆਂ ਪ੍ਰਮੁੱਖ ਵਿਦੇਸ਼ੀ ਫਰਮਾਂ ਵਿੱਚ ਉੱਚ ਤਨਖਾਹ ਵਾਲੀਆਂ ਨੌਕਰੀਆਂ ਦਿਵਾਉਣ ਦੇ ਬਹਾਨੇ ਫਸਾਉਂਦੇ ਸਨ।

ਪੈਸੇ ਲੈਣ ਤੋਂ ਬਾਅਦ, ਉਹ ਵਟਸਐਪ ਰਾਹੀਂ ਪੀੜਤਾਂ ਨੂੰ ਜਾਅਲੀ ਨੌਕਰੀ ਦੇ ਪੇਸ਼ਕਸ਼ ਪੱਤਰ ਭੇਜਦੇ ਸਨ ਅਤੇ ਨੌਕਰੀ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਉਨ੍ਹਾਂ ਦੇ ਪਾਸਪੋਰਟ ਰੱਖਦੇ ਸਨ। ਮੁਲਜ਼ਮ ਏ.ਆਰ.ਐਂਟਰਪ੍ਰਾਈਜ਼ਜ਼ ਦੇ ਨਾਂ ’ਤੇ ਖੋਲ੍ਹੇ ਬੈਂਕ ਖਾਤੇ ’ਚ ਧੋਖਾਧੜੀ ਦੀ ਰਕਮ ਕਢਵਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਬੈਂਕ ਖਾਤੇ ਦੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਕਰੀਬ 50-60 ਲੱਖ ਰੁਪਏ ਦਾ ਲੈਣ-ਦੇਣ ਹੋਇਆ ਹੈ। ਇਹ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ।


Related Post