19 ਜਥੇਬੰਦੀਆਂ ਦਾ ਤਿੰਨ ਦਿਨਾਂ ਰੇਲ ਰੋਕੋ ਮੋਰਚਾ ਸਮਾਪਤ, ਮੰਗਾਂ ਲਈ ਸੰਘਰਸ਼ ਜਾਰੀ

By  Jasmeet Singh September 30th 2023 03:49 PM

ਚੰਡੀਗੜ੍ਹ: ਪੰਜਾਬ ਤੋਂ ਸ਼ੁਰੂ ਹੋਇਆ 6 ਰਾਜਾਂ ਦੀਆਂ 19 ਜਥੇਬੰਦੀਆ ਦਾ ਤਿੰਨ ਦਿਨਾਂ ਭਾਰਤ ਪੱਧਰੀ ਰੇਲ ਰੋਕੋ ਮੋਰਚਾ ਲੋਕ ਸਮਰਥਨ ਦੀਆਂ ਬੁਲੰਦੀਆਂ ਛੂੰਹਦਾ ਹੋਇਆ ਤੀਜੇ ਦਿਨ ਸਮਾਪਤ ਕਰ ਦਿੱਤਾ ਗਿਆ। ਇਹ ਜਾਣਕਾਰੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ 18 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਮੈਂਬਰ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਦਿੱਤੀ। 

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 20 ਅਤੇ ਹਰਿਆਣਾ ਵਿੱਚ ਅੰਬਾਲਾ ਵਿੱਚ ਵੀ ਸਫਲ ਰੇਲ ਰੋਕੋ ਮੋਰਚਾ ਲਾਇਆ ਗਿਆ। ਇਸ ਮੌਕੇ ਕਿਸਾਨਾਂ ਮਜਦੂਰਾਂ ਵੱਲੋਂ ਦੇਵੀਦਾਸਪੁਰ ਰੇਲ ਟ੍ਰੈਕ ਤੇ ਨੰਗੇ ਧੜ ਬੈਠ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਚਿਆਂ ਸਮੇਤ ਸੈਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਹੱਥਾਂ ਵਿੱਚ ਠੂਠੇ ਫੜ ਕੇ ਸੰਕੇਤਕ ਪ੍ਰਦਰਸ਼ਨ ਕਰਦੇ ਹੋਏ ਠੂਠੇ ਤੋੜ ਕੇ ਕਿਹਾ ਕਿ ਮੋਦੀ ਸਰਕਾਰ ਇਸ ਤਰ੍ਹਾਂ ਜਨਤਾ ਨੂੰ ਠੂਠੇ ਫੜ ਭਿਖਾਰੀ ਬਣਾਉਣ ਦੇ ਰਾਹ ਤੇ ਹੈ। ਪਰ ਦੇਸ਼ ਦਾ ਕਿਸਾਨ ਮਜਦੂਰ ਇਹ ਨਹੀਂ ਹੋਣ ਦੇਵੇਗਾ। 

ਇਸ ਮੌਕੇ ਆਗੂਆਂ ਦੱਸਿਆ ਕਿ ਦੱਸਿਆ ਕਿ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ, ਜਿਸਦੇ ਚਲਦੇ ਦੇਸ਼ ਭਰ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕ ਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ। ਉਹਨਾ ਕਿਹਾ ਕਿ ਇਹ ਜੋ ਅੰਦੋਲਨ ਉਤਰ ਭਾਰਤ ਦੇ ਹੜ੍ਹ ਪੀੜਤ ਰਾਜਾਂ ਲਈ 50 ਹਜ਼ਾਰ ਕਰੋੜ ਦਾ ਰਾਹਤ ਪੈਕੇਜ਼, ਸਾਰੀਆਂ ਫਸਲਾਂ ਤੇ ਐਮ.ਐੱਸ.ਪੀ. ਗਰੰਟੀ ਕਨੂੰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ ਚ ਹਰ ਸਾਲ ਦੇ 200 ਦਿਨ ਰੁਜਗਾਰ ਆਦਿ ਅਹਿਮ ਮਸਲਿਆਂ ਨੂੰ ਲੈ ਕੇ ਸੰਘਰਸ਼ ਨਾਲ ਸ਼ੁਰੂ ਹੋਇਆ ਸੀ ਅਤੇ ਇਹ ਇਹ ਰੇਲ ਰੋਕੋ ਇਸ ਸੰਘਰਸ਼ ਦਾ ਇੱਕ ਪੜਾਵ ਹੈ, ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਜਾਰੀ ਹੈ। 

ਇਸ ਮੌਕੇ ਵੱਖ ਥਾਵਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਖਵਿੰਦਰ ਸਿੰਘ ਸਭਰਾ, ਬੀ.ਕੇ.ਯੂ. ਏਕਤਾ (ਅਜਾਦ) ਦੇ ਜਸਵਿੰਦਰ ਸਿੰਘ ਲੌਂਗੋਵਾਲ , ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਬਲਦੇਵ ਸਿੰਘ ਜੀਰਾ , ਆਜ਼ਾਦ ਕਿਸਾਨ ਯੂਨੀਅਨ ਹਰਿਆਣਾ ਦੇ ਸੁਖਵਿੰਦਰ ਸਿੰਘ ਔਲਖ, ਬੀ.ਕੇ.ਯੂ. ਬਹਿਰਾਮਕੇ ਦੇ ਚਮਕੌਰ ਸਿੰਘ, ਬੀ.ਕੇ.ਯੂ. ਸ਼ਹੀਦ ਭਗਤ ਸਿੰਘ ਦੇ ਅਮਰਜੀਤ ਸਿੰਘ ਮੋਹੜੀ ਹਰਿਆਣਾਂ, ਬੀ.ਕੇ.ਯੂ. ਸਰ ਛੋਟੂ ਰਾਮ ਦੇ ਜਗਦੀਪ ਸਿੰਘ ਔਲਖ ਹਰਿਆਣਾ, ਕਿਸਾਨ ਮਹਾਂਪੰਚਾਇਤ ਦੇ ਸਚਿਨ ਹਰਿਆਣਾ, ਪੱਗੜੀ ਸੰਭਾਲ ਜੱਟਾ ਦੇ ਮਨਦੀਪ ਸਿੰਘ ਨਥਵਾਨ, ਅਜ਼ਾਦ ਕਿਸਾਨ ਯੂਨੀਅਨ ਹਰਿਆਣਾ ਦੇ ਸੁਖਵਿੰਦਰ ਸਿੰਘ ਔਲਖ, ਪ੍ਰੋਗਰੈਸਿਵ ਫਾਰਮਰ ਫਰੰਟ ਗੁਰਮੀਤ ਸਿੰਘ ਮਾਂਗਟ ਯੂਪੀ, ਰਾਸ਼ਟਰੀ ਕਿਸਾਨ ਸੰਗਠਨ ਦੇ ਦੇਸ਼ਰਾਜ ਮੋਦਗਿੱਲ ਹਿਮਾਚਲ, ਕਿਸਾਨ  ਮਜਦੂਰ ਯੂਨੀਅਨ ਭਟੇੜੀ ਕਲਾਂ ਦੇ ਗੁਰਧਿਆਨ ਸਿੰਘ ਭਟੇੜੀ, ਕਿਸਾਨ ਮਜਦੂਰ ਮੋਰਚਾ ਪੰਜਾਬ ਦੇ ਮਲਕੀਤ ਸਿੰਘ ਭੁੱਲਰ ਹਾਜ਼ਿਰ ਰਹੇ ਅਤੇ ਸੰਘਰਸ਼ ਨੂੰ ਪੰਜਾਬ ਕਿਸਾਨ ਮਜਦੂਰ ਯੂਨੀਅਨ ਦਾ ਵਿਸ਼ੇਸ਼ ਸਹਿਜੋਗ ਰਿਹਾ। 

Related Post