ਠੱਗਾਂ ਨੇ ਭਾਜਪਾ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਮਾਰੀ ਠੱਗੀ

ਪਿਛਲੇ ਤਿੰਨ ਮਹੀਨਿਆਂ ਵਿੱਚ ਨੀਰਜ ਮਹਾਰਾਸ਼ਟਰ, ਪੱਛਮੀ ਬੰਗਾਲ, ਹਰਿਆਣਾ, ਝਾਰਖੰਡ ਅਤੇ ਦਿੱਲੀ ਦੇ 28 ਵਿਧਾਇਕਾਂ ਦੇ ਸੰਪਰਕ ਵਿੱਚ ਸੀ

By  Jasmeet Singh May 21st 2023 02:38 PM

ਨਾਗਪੁਰ: ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ 'ਚ ਮੰਤਰੀ ਅਹੁਦੇ ਰੱਖਣ ਦੇ ਬਹਾਨੇ ਭਾਜਪਾ ਦੇ ਤਿੰਨ ਵਿਧਾਇਕਾਂ ਨੂੰ ਧੋਖਾ ਦੇਣ ਦੇ ਕਥਿੱਤ ਦੋਸ਼ 'ਚ ਨਾਗਪੁਰ ਪੁਲਿਸ ਨੇ ਇਕ ਗੁਜਰਾਤ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕਈ ਰਾਜਾਂ ਦੇ 28 ਵਿਧਾਇਕਾਂ ਦੇ ਸੰਪਰਕ 'ਚ ਸੀ। 


ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਮੋਰਬੀ ਦੇ ਰਹਿਣ ਵਾਲੇ ਨੀਰਜ ਸਿੰਘ ਰਾਠੌੜ ਨੂੰ ਮੰਗਲਵਾਰ ਨੂੰ ਨਾਗਪੁਰ ਲਿਆਉਣ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਨੀਰਜ ਮਹਾਰਾਸ਼ਟਰ, ਪੱਛਮੀ ਬੰਗਾਲ, ਹਰਿਆਣਾ, ਝਾਰਖੰਡ ਅਤੇ ਦਿੱਲੀ ਦੇ 28 ਵਿਧਾਇਕਾਂ ਦੇ ਸੰਪਰਕ ਵਿੱਚ ਸੀ। ਉਸ ਨੇ ਪੈਸਿਆਂ ਦੇ ਬਦਲੇ ਉਨ੍ਹਾਂ ਨੂੰ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਵਿੱਚੋਂ ਤਿੰਨ ਨੂੰ ਠੱਗਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੀਰਜ ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਨਿੱਜੀ ਸਹਾਇਕ ਬਣ ਕੇ ਵਿਧਾਇਕਾਂ ਨੂੰ ਫੋਨ ਕਰਦਾ ਸੀ। ਗੱਲਬਾਤ ਦੌਰਾਨ ਉਹ ਵਿਧਾਇਕਾਂ ਨੂੰ ਤਰਲੇ ਮਾਰਦਾ ਸੀ ਕਿ ਨੇਤਾ ਉਨ੍ਹਾਂ ਨਾਲ ਵੀ ਗੱਲ ਕਰਨਗੇ ਅਤੇ ਫਿਰ ਉਹ ਉਨ੍ਹਾਂ ਨਾਲ ਆਵਾਜ਼ ਬਦਲ ਕੇ ਗੱਲ ਕਰਦਾ ਸੀ।


ਪੁਲਿਸ ਅਧਿਕਾਰੀ ਨੇ ਕਿਹਾ ਕਿ ਨੀਰਜ ਨੇ ਦਿੱਲੀ ਭਾਜਪਾ ਦੇ ਇੱਕ ਵਿਧਾਇਕ ਨੂੰ ਕੇਂਦਰ ਦੀ ਪ੍ਰਮੁੱਖ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੁੜੀ ਭੂਮਿਕਾ ਦੀ ਪੇਸ਼ਕਸ਼ ਕਰਦਿਆਂ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪਹਿਲਾਂ ਇੱਕ ਵਿਧਾਇਕ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਾਲ ਜਨਵਰੀ ਵਿੱਚ ਹੀ ਉਹ ਜ਼ਮਾਨਤ 'ਤੇ ਰਿਹਾਅ ਹੋਇਆ ਹੈ।

ਰਾਠੌਰ 'ਤੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 419 (ਵਿਅਕਤੀ ਦੁਆਰਾ ਧੋਖਾਧੜੀ), 420 (ਧੋਖਾਧੜੀ ਅਤੇ ਬੇਈਮਾਨੀ ਨਾਲ ਜਾਇਦਾਦ ਦੀ ਡਿਲਿਵਰੀ ਲਈ ਉਕਸਾਉਣਾ), ਅਤੇ 511 (ਉਮਰ ਕੈਦ ਜਾਂ ਹੋਰ ਕੈਦ ਦੀ ਸਜ਼ਾ ਯੋਗ ਅਪਰਾਧ ਕਰਨ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ:

ਜ਼ੀਰਾ ਫੈਕਟਰੀ ’ਚ CPCB ਨੇ ਲਏ ਪਾਣੀ ਦੇ ਸੈਂਪਲ , ਜਾਣੋ ਨਵੀਂ ਰਿਪੋਰਟ ’ਚ ਕੀ ਆਇਆ ਸਾਹਮਣੇ
BSF ਨੇ ਕੌਮਾਂਤਰੀ ਸਰਹੱਦ 'ਤੇ ਦੋ ਪਾਕਿਸਤਾਨੀ ਡਰੋਨ ਡੇਗੇ, ਹੈਰੋਇਨ ਬਰਾਮਦ

Related Post