Patiala News : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਢ 'ਚ ਲੋਕ ਸੜਕਾਂ ’ਤੇ ਸੌਣ ਲਈ ਮਜ਼ਬੂਰ , ਪ੍ਰਸ਼ਾਸਨ ਦੇ ਦਾਅਵੇ ਖੋਖਲੇ
Patiala News : ਪੰਜਾਬ ਵਿੱਚ ਵੱਧ ਰਹੀ ਲਗਾਤਾਰ ਠੰਢ ਲੋਕਾਂ ਨੂੰ ਠਾਰਨ ਲੱਗੀ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਜਿਹੜੇ ਲੋਕ ਸੜਕਾਂ ’ਤੇ ਬੇਘਰ ਸੁੱਤੇ ਹੁੰਦੇ ਹਨ, ਉਹਨਾਂ ਲਈ ਰਹਿਣ-ਬਸੇਰੇ ਬਣਾ ਕੇ ਉਨ੍ਹਾਂ ਨੂੰ ਉੱਥੇ ਠਹਿਰਾਇਆ ਜਾਂਦਾ ਹੈ।
ਜਦੋਂ ਇਸ ਦੀ ਹਕੀਕਤ ਜਾਣਣ ਲਈ ਪੀਟੀਸੀ ਨਿਊਜ਼ ਗਰਾਊਂਡ ਜ਼ੀਰੋ ’ਤੇ ਪਹੁੰਚੀ ਅਤੇ ਰਿਲੇਟਿਵ ਚੈਕ ਲਈ ਸ਼ੈਲਟਰ ਹਾਊਸ ਤੱਕ ਗਈ ਤਾਂ ਤਸਵੀਰ ਕੁਝ ਹੋਰ ਹੀ ਨਜ਼ਰ ਆਈ। ਇੱਕ ਪਾਸੇ ਸ਼ੈਲਟਰ ਹਾਊਸ ਖਾਲੀ ਪਏ ਨਜ਼ਰ ਆਏ, ਦੂਜੇ ਪਾਸੇ ਸੜਕਾਂ ’ਤੇ ਲੋਕ ਸੁੱਤੇ ਹੋਏ ਦਿੱਖ ਰਹੇ ਸਨ।
ਜਦੋਂ ਇਸ ਬਾਰੇ ਜਾਣਨ ਲਈ ਸੜਕਾਂ ’ਤੇ ਸੁੱਤੇ ਲੋਕਾਂ ਨਾਲ ਗੱਲ ਕੀਤੀ ਗਈ ਕਿ ਤੁਸੀਂ ਇੱਥੇ ਕਿਉਂ ਸੋ ਰਹੇ ਹੋ, ਜਦੋਂ ਪ੍ਰਸ਼ਾਸਨ ਵੱਲੋਂ ਤੁਹਾਡੇ ਲਈ ਰਹਿਣ-ਬਸੇਰੇ ਬਣਾਏ ਗਏ ਹਨ ਤਾਂ ਉਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਨੂੰ ਰਹਿਣ-ਬਸੇਰਿਆਂ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਨ੍ਹਾਂ ਕੋਲ ਕੋਈ ਵੀ ਕਾਗਜ਼ ਨਹੀਂ ਹੁੰਦਾ। ਜਦੋਂ ਇਹ ਪੁੱਛਿਆ ਗਿਆ ਕਿ ਜੇ ਤੁਸੀਂ ਸੜਕਾਂ ’ਤੇ ਸੋ ਰਹੇ ਹੋ ਤਾਂ ਕੀ ਪ੍ਰਸ਼ਾਸਨ ਤੁਹਾਨੂੰ ਇੱਥੋਂ ਹਟਾਉਂਦਾ ਹੈ ਜਾਂ ਨਹੀਂ ਤਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਨਾ ਤਾਂ ਇੱਥੇ ਕੋਈ ਆਇਆ ਹੈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਇੱਥੋਂ ਹਟਾਇਆ ਹੈ। ਕਦੇ ਉਹ ਮੰਦਰ ਦੇ ਬਾਹਰ ਅਤੇ ਕਦੇ ਗੁਰਦੁਆਰੇ ਦੇ ਬਾਹਰ ਸੋ ਜਾਂਦੇ ਹਨ।
ਉੱਥੇ ਹੀ ਜਦੋਂ ਇਸ ਬਾਰੇ ਜਾਣਨ ਲਈ ਸ਼ੈਲਟਰ ਹਾਊਸ ਦੇ ਬਾਹਰ ਬੈਠੇ ਸੁਰੱਖਿਆ ਕਰਮੀਆਂ ਨਾਲ ਗੱਲ ਕੀਤੀ ਗਈ ਕਿ ਕਿਨ੍ਹਾਂ ਨੂੰ ਅੰਦਰ ਸੌਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਉਸ ਵਿਅਕਤੀ ਨੂੰ, ਜੋ ਬੇਘਰ ਹੈ, ਅੰਦਰ ਸੌਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਜਦੋਂ ਐਂਟਰੀ ਪ੍ਰਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਆਧਾਰ ਕਾਰਡ ਜਾਂ ਮੋਬਾਈਲ ਨੰਬਰ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਹੈ।
ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸੜਕਾਂ ’ਤੇ ਸੁੱਤੇ ਲੋਕ ਜਾਣ-ਬੁੱਝ ਕੇ ਇੱਥੇ ਸੋ ਰਹੇ ਹਨ ਜਾਂ ਫਿਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਸ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ, ਜਾਂ ਉਨ੍ਹਾਂ ’ਤੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
- PTC NEWS