PTC News
Search
🔍 Search

ਕੈਨੇਡਾ ਦੇ ਗੁਰਦੁਆਰਾ ਸਾਹਿਬ ਚ 2 ਧਿਰਾਂ ਆਪਸ ਚ ਭਿੜੀਆਂ

Canada Gurdwara Dispute: ਕੈਨੇਡਾ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਵਿਚਕਾਰ ਚੱਲ ਰਹੇ ਵਿਵਾਦ ਘਟਣ ਦਾ ਨਾਂ ਨਹੀਂ ਲੈ ਰਹੇ।

By  Amritpal Singh November 23rd 2026 08:29 AM

Canada Gurdwara Dispute: ਕੈਨੇਡਾ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਵਿਚਕਾਰ ਚੱਲ ਰਹੇ ਵਿਵਾਦ ਘਟਣ ਦਾ ਨਾਂ ਨਹੀਂ ਲੈ ਰਹੇ। ਦੋ ਦਿਨ ਪਹਿਲਾਂ ਕਿਚਨਰ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ, 22 ਨਵੰਬਰ ਨੂੰ ਹੈਮਿਲਟਨ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਵਿਖੇ ਇੱਕ ਹੋਰ ਟਕਰਾਅ ਹੋਇਆ, ਜਿਸ ਦੌਰਾਨ ਦੋ ਧਿਰਾਂ ਵਿਚਕਾਰ ਥੱਪੜ ਚੱਲੇ, ਧੱਕਾ-ਮੁੱਕੀ ਹੋਈ ਅਤੇ ਲੋਕਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ।


ਇਸ ਝਗੜੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਵਿਅਕਤੀ ਇੱਕ-ਦੂਜੇ ਦਾ ਗਲਾ ਫੜਦੇ, ਥੱਪੜ ਮਾਰਦੇ ਅਤੇ ਇੱਕ-ਦੂਜੇ ਨੂੰ ਧੱਕਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਹੈਮਿਲਟਨ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਦੇ ਬਾਬਾ ਤਜਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਾਰੇ ਮਿਲ-ਜੁਲ ਕੇ 'ਗੁਰੂ ਘਰ' ਦੇ ਪ੍ਰਬੰਧ ਚਲਾਉਂਦੇ ਸਨ, ਪਰ ਹੁਣ ਅੰਦਰੂਨੀ ਮਤਭੇਦ ਇੰਨੇ ਵੱਧ ਗਏ ਹਨ ਕਿ ਗੱਲ ਹੱਥੋਪਾਈ ਅਤੇ ਹਿੰਸਾ ਤੱਕ ਪਹੁੰਚ ਗਈ ਹੈ।


ਬਾਬਾ ਤਜਿੰਦਰ ਸਿੰਘ ਅਨੁਸਾਰ, ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਗੁਰੂ ਘਰ ਦੇ ਅੰਦਰ ਹੀ ਜੁੱਤੀਆਂ ਨੂੰ ਹਥਿਆਰ ਵਜੋਂ ਵਰਤਿਆ ਜਾਣ ਲੱਗਾ ਜੋ ਕਿ ਬਹੁਤ ਹੀ ਸ਼ਰਮਨਾਕ ਸਥਿਤੀ ਹੈ। ਸੂਤਰਾਂ ਮੁਤਾਬਕ, ਇਸ ਸਾਰੇ ਵਿਵਾਦ ਦੀ ਜੜ੍ਹ ਕਮੇਟੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਦਬਦਬਾ ਕਾਇਮ ਕਰਨ ਦੀ ਇੱਛਾ ਅਤੇ 'ਗੋਲਕ' ਦੇ ਫੰਡਾਂ ਦੇ ਪ੍ਰਬੰਧ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਹੈ।


ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਅਤੇ ਸਿੱਖ ਭਾਈਚਾਰੇ ਨੇ ਇਸ ਘਟਨਾ 'ਤੇ ਭਾਰੀ ਰੋਹ ਪ੍ਰਗਟ ਕੀਤਾ ਹੈ। ਸਥਾਨਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਅਕਸਰ ਅਨੁਸ਼ਾਸਨਹੀਣਤਾ ਲਈ ਨਵੇਂ ਵਿਦਿਆਰਥੀਆਂ ਜਾਂ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਕਮੇਟੀ ਦੇ ਬਜ਼ੁਰਗਾਂ ਅਤੇ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਨੇ ਹੀ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ।

Related Post