ਖਨੌਰੀ ਨੇੜੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
Punjab News: ਖਨੌਰੀ ਨੇੜੇ ਘੱਗਰ ਪੁਲ (Ghaggar) ਕੋਲ ਬੀਤੀ ਰਾਤ ਵਾਪਰੇ ਦਰਦਨਾਕ ਸੜਕ (Road Accident) ਹਾਦਸੇ ਵਿੱਚ ਪਿੰਡ ਗੁਲਾੜੀ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
Punjab News: ਖਨੌਰੀ ਨੇੜੇ ਘੱਗਰ ਪੁਲ (Ghaggar) ਕੋਲ ਬੀਤੀ ਰਾਤ ਵਾਪਰੇ ਦਰਦਨਾਕ ਸੜਕ (Road Accident) ਹਾਦਸੇ ਵਿੱਚ ਪਿੰਡ ਗੁਲਾੜੀ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਲਾੜੀ ਦੇ ਚਾਰ ਦੋਸਤ ਮਾਰੂਤੀ ਸਵੀਫਟ ਕਾਰ (Maruti Swift car) ਨੰਬਰ HR 72 D 0554 ਵਿੱਚ ਸਵਾਰ ਹੋ ਕੇ ਪਾਤੜਾਂ ਤੋਂ ਖਨੌਰੀ ਮੰਡੀ ਵੱਲ ਆ ਰਹੇ ਸਨ। ਕਾਰ ਅੰਕੁਸ਼ ਪੁੱਤਰ ਗੁਰਬਖਸ਼ ਸਿੰਘ ਚਲਾ ਰਿਹਾ ਸੀ। ਜਦੋਂ ਉਹ ਘੱਗਰ ਪੁਲ ਖਨੌਰੀ ਨੇੜੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਲੈਂਸਰ ਕਾਰ ਨੰਬਰ PB 11 AM 2001 ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਸ਼ਿਕਾਇਤਕਰਤਾ ਸਰਦੂਲ ਸਿੰਘ ਪੁੱਤਰ ਮਹੀਪਾਲ ਵਾਸੀ ਗੁਲਾੜੀ ਨੇ ਥਾਣਾ ਖਨੌਰੀ ਵਿੱਚ ਦਿੱਤੀ ਦਰਖ਼ਾਸਤ ਵਿੱਚ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫਟ ਕਾਰ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੀ। ਹਾਦਸੇ ਵਿੱਚ ਉਸ ਦਾ ਭਰਾ ਸੰਜੂ (24) ਪੁੱਤਰ ਮਹੀਪਾਲ ਅਤੇ ਸਮੀਰ ਸਿੰਘ ਪੁੱਤਰ ਸੁਲਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਅੰਕੁਸ਼ ਪੁੱਤਰ ਗੁਰਬਖਸ਼ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਮੇਸ਼ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਸਰਕਾਰੀ ਹਸਪਤਾਲ ਪਾਤੜਾਂ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਗਰਗ ਹਸਪਤਾਲ ਟੋਹਾਣਾ ਰੈਫਰ ਕਰ ਦਿੱਤਾ ਗਿਆ।
ਹੋਰ ਪੜ੍ਹੋ- Mohali Murder : ਜਾਇਦਾਦ ਵਿਵਾਦ ਨੂੰ ਲੈ ਕੇ ਜੀਜੇ ਦਾ ਕਤਲ, ਸਿਰ 'ਤੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਖਨੌਰੀ ਦੇ ਸਬ-ਇੰਸਪੈਕਟਰ ਚੰਨਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨਾਂ ਦਾ ਮੂਨਕ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਪੁਲਿਸ ਵੱਲੋਂ ਫਰਾਰ ਲੈਂਸਰ ਕਾਰ ਚਾਲਕ ਦੀ ਭਾਲ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।