Ukraine-Russia war: ਰੂਸ 'ਚ ਯੂਕਰੇਨ ਦਾ ਡਰੋਨ ਹਮਲਾ, ਭਾਰਤੀ ਮੈਡੀਕਲ ਵਿਦਿਆਰਥੀ ਜ਼ਖ਼ਮੀ
Ukraine-Russia war: ਰੂਸ ਦੇ ਬਾਸ਼ਕੋਰਤੋਸਤਾਨ (Bashkortostan) ਖੇਤਰ ਦੀ ਰਾਜਧਾਨੀ ਊਫਾ (Ufa) ਵਿੱਚ ਯੂਕਰੇਨੀ ਡਰੋਨ ਹਮਲੇ ਦੌਰਾਨ ਇੱਕ ਭਾਰਤੀ ਮੈਡੀਕਲ ਵਿਦਿਆਰਥੀ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਸਥਾਨਕ ਪ੍ਰਸ਼ਾਸਨ ਅਤੇ ਵਿਦਿਆਰਥੀ ਨਾਲ ਸੰਪਰਕ ਸਾਧਿਆ ਹੈ। ਜ਼ਖ਼ਮੀ ਵਿਦਿਆਰਥੀ ਬਾਸ਼ਕੀਰ ਸਟੇਟ ਮੈਡੀਕਲ ਯੂਨੀਵਰਸਿਟੀ ਦਾ ਪੜ੍ਹਾਈ ਕਰ ਰਿਹਾ ਹੈ ਅਤੇ ਫਿਲਹਾਲ ਉਸ ਦਾ ਇਲਾਜ ਸਥਾਨਕ ਹਸਪਤਾਲ 'ਚ ਚੱਲ ਰਿਹਾ ਹੈ। ਦੂਤਾਵਾਸ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
An Indian student of Bashkir State Medical University in Ufa sustained minor injuries due to drone attack on 19 August 2026 and is undergoing treatment in the hospital. The Embassy is in contact with the student and local authorities and extending all necessary assistance.… — India in Russia (@IndEmbMoscow) August 19, 2026
ਤੇਲ ਰਿਫਾਇਨਰੀ ਅਤੇ ਰਿਹਾਇਸ਼ੀ ਇਮਾਰਤ 'ਤੇ ਡਿੱਗੇ ਡਰੋਨ
ਰੂਸੀ ਖੇਤਰ ਦੇ ਰਾਜਪਾਲ ਰਾਦੀ ਖਾਬੀਰੋਵ (Radiy Khabirov) ਅਨੁਸਾਰ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ 6 ਵਿੱਚੋਂ 4 ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ। ਹਾਲਾਂਕਿ, ਇੱਕ ਡਰੋਨ ਤੇਲ ਰਿਫਾਇਨਰੀ ਦੇ ਉਸ ਹਿੱਸੇ 'ਚ ਜਾ ਡਿੱਗਿਆ ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਨਾਲ ਉੱਥੇ ਅੱਗ ਲੱਗ ਗਈ। ਦੂਜਾ ਡਰੋਨ ਊਫਾ ਦੇ ਉੱਤਰੀ ਹਿੱਸੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਹੇਠਾਂ ਖੜ੍ਹੇ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ।
ਦੱਸਣਯੋਗ ਹੈ ਕਿ ਊਫਾ ਯੂਕਰੇਨ ਦੀ ਸਰਹੱਦ ਤੋਂ 1,000 ਕਿਲੋਮੀਟਰ ਤੋਂ ਵੀ ਵੱਧ ਦੂਰੀ 'ਤੇ ਸਥਿਤ ਹੈ ਅਤੇ ਇਹ ਰੂਸ ਦੇ ਤੇਲ ਉਦਯੋਗ ਦਾ ਇੱਕ ਮੁੱਖ ਕੇਂਦਰ ਹੈ।
ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ
ਇਸ ਘਟਨਾ ਤੋਂ ਬਾਅਦ ਰੂਸ-ਯੂਕਰੇਨ ਜੰਗ ਵਾਲੇ ਖੇਤਰਾਂ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਫਿਰ ਵਧ ਗਈਆਂ ਹਨ। ਭਾਰਤ ਸਰਕਾਰ ਮਾਸਕੋ ਅਤੇ ਕੀਵ ਦੋਵਾਂ ਦੇ ਲਗਾਤਾਰ ਸੰਪਰਕ ਵਿੱਚ ਹੈ। ਭਾਰਤ ਨੇ ਹਮੇਸ਼ਾ ਹੀ ਇਸ ਵਿਵਾਦ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ, ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਵੀ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਬਲੈਕ ਸੀ (ਕਾਲੇ ਸਾਗਰ) ਵਿੱਚ ਵਪਾਰਕ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਸੀ ਅਤੇ ਅਜਿਹੇ ਹਮਲਿਆਂ ਨੂੰ ਅਸਵੀਕਾਰਨਯੋਗ ਦੱਸਿਆ ਸੀ।
- PTC NEWS