ਵਿਜੀਲੈਂਸ ਨੇ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

By  Pardeep Singh November 26th 2022 06:53 PM -- Updated: November 27th 2022 11:08 AM

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਬੰਗਾ, ਐਸ.ਬੀ.ਐਸ. ਨਗਰ ਵਿਖੇ ਬ੍ਰਾਂਚ ਮੈਨੇਜਰ ਵਜੋਂ ਤਾਇਨਾਤ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਗੁਰਲਾਲ ਸਿੰਘ ਨੂੰ 52,000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਦਰਜ ਕੀਤੀ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੀਵ ਕੁਮਾਰ ਵਾਸੀ ਪਿੰਡ ਹਕੀਮਪੁਰ, ਤਹਿਸੀਲ ਬੰਗਾ ਨੇ ਜਾਣਕਾਰੀ ਦਿੱਤੀ ਕਿ ਉਹ ਦਾਣਾ ਮੰਡੀ ਬੰਗਾ ਵਿੱਚ ਆੜ੍ਹਤੀਆ ਹੈ ਅਤੇ ਉਕਤ ਮਾਰਕਫੈੱਡ ਅਧਿਕਾਰੀ ਪਿਛਲੇ ਸੀਜ਼ਨ ਦੌਰਾਨ ਉਸਦੀ ਦੁਕਾਨ ਤੋਂ ਝੋਨੇ ਦੀਆਂ 52,000 ਬੋਰੀਆਂ ਦੀ ਸਰਕਾਰੀ ਖਰੀਦ ਬਦਲੇ ਉਸ ਕੋਲੋਂ ਇੱਕ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸੌਦਾ 35,000 ਰੁਪਏ ਵਿੱਚ ਤੈਅ ਹੋਇਆ ਹੈ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਰਿਸ਼ਵਤ ਮੰਗਣ ਦੇ ਦੋਸ਼ ਸਿੱਧ ਹੋਣ ਉਪਰੰਤ ਉਕਤ ਮਾਰਕਫੈੱਡ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Related Post