ਬੰਦ ਹੋਵੇਗਾ ਨਵੀਂ ਦਿੱਲੀ 'ਚ ਅਫ਼ਗਾਨ ਸਫ਼ਾਰਤਖਾਨਾ? ਕਿੱਥੇ ਗਏ ਡਿਪਲੋਮੈਟ? ਜਾਣੋ ਪੂਰਾ ਮਾਮਲਾ

By  Jasmeet Singh September 30th 2023 03:07 PM

ਨਵੀਂ ਦਿੱਲੀ: ਅਫ਼ਗਾਨਿਸਤਾਨ ਨੇ ਫਿਲਹਾਲ ਭਾਰਤ 'ਚ ਆਪਣਾ ਸਫ਼ਾਰਤਖ਼ਾਨਾ ਬੰਦ ਕਰ ਦਿੱਤਾ ਹੈ। ਕੌਮੀ ਮੀਡੀਆ ਦੀ ਰਿਪੋਰਟਾਂ ਮੁਤਾਬਕ ਭਾਰਤ 'ਚ ਅਫ਼ਗਾਨ ਦੂਤਘਰ ਨੂੰ ਬੰਦ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਸਫ਼ੀਰ ਫਰੀਦ ਮਾਮੁੰਦਜ਼ੇ ਦੇ ਕਈ ਮਹੀਨਿਆਂ ਤੋਂ ਭਾਰਤ ਤੋਂ ਬਾਹਰ ਰਹਿਣ ਦੌਰਾਨ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਉਹ ਇਸ ਸਮੇਂ ਲੰਡਨ ਵਿੱਚ ਹੈ। ਉਨ੍ਹਾਂ ਦੀ ਨਿਯੁਕਤੀ ਪਿਛਲੀ ਅਸ਼ਰਫ ਗਨੀ ਸਰਕਾਰ ਨੇ ਕੀਤੀ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮਾਮਲਾ ਅਫ਼ਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਨਾਲ ਸਬੰਧਤ ਹੈ। 

ਭਾਰਤ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਅਤੇ 2021 ਵਿੱਚ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਕਾਬੁਲ ਵਿੱਚ ਆਪਣਾ ਸਫ਼ਾਰਤਖ਼ਾਨਾ (ਦੂਤਘਰ) ਬੰਦ ਕਰ ਦਿੱਤਾ, ਪਰ ਨਵੀਂ ਦਿੱਲੀ ਨੇ ਇਸਨੂੰ ਸਾਬਕਾ ਅਫ਼ਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਦੁਆਰਾ ਨਿਯੁਕਤ ਰਾਜਦੂਤਾਂ ਅਤੇ ਮਿਸ਼ਨ ਸਟਾਫ ਨੂੰ ਵੀਜ਼ਾ ਜਾਰੀ ਕਰਨ ਦੀ ਇਜਾਜ਼ਤ ਦਿੱਤੀ। 

ਇਸ ਮਾਮਲੇ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਫ਼ਗਾਨ ਸਫ਼ਾਰਤਖ਼ਾਨੇ ਵੱਲੋਂ ਕਥਿਤ ਤੌਰ 'ਤੇ ਜੋ ਪੱਤਰ ਭੇਜਿਆ ਗਿਆ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਕੌਮੀ ਮੀਡੀਆ ਦੀ ਰਿਪੋਰਟਾਂ ਮੁਤਾਬਕ ਅਫ਼ਗਾਨ ਸਫ਼ੀਰ ਨੇ ਕਥਿਤ ਤੌਰ 'ਤੇ ਵਿਦੇਸ਼ ਮੰਤਰਾਲੇ ਨੂੰ ਅਗਲੇ ਕੁਝ ਦਿਨਾਂ 'ਚ ਕੰਮਕਾਜ ਬੰਦ ਕਰਨ ਦੇ ਆਪਣੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ।

ਭਾਰਤ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਦਹਿਸ਼ਤੀ ਮਕਸਦ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਫ਼ਗ਼ਾਨੀ ਜ਼ਮੀਨ ਨੂੰ ਦੇਸ਼ ਦੇ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਨੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਹੈ।

ਤਾਲਿਬਾਨ ਸ਼ਾਸਨ ਨੇ ਵਿਦੇਸ਼ਾਂ ਵਿੱਚ ਘੱਟੋ-ਘੱਟ 14 ਮਿਸ਼ਨਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਜਿੱਥੇ ਇਸ ਨੇ ਆਪਣੇ ਨਾਮਜ਼ਦ ਵਿਅਕਤੀਆਂ ਨੂੰ ਤਾਇਨਾਤ ਕੀਤਾ ਹੈ, ਪਰ ਦਿੱਲੀ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੱਖ ਕੌਮ ਬਾਰੇ ਕਹੀ ਵੱਡੀ ਗੱਲ, ਕੈਨੇਡਾ ਨੂੰ ਦਿਖਾਇਆ ਸ਼ੀਸ਼ਾ

Related Post