World Cup 2023: ਅੱਜ ਹੋਣਗੇ ਭਾਰਤ ਅਤੇ ਨੀਦਰਲੈਂਡ ਆਹਮੋਂ-ਸਾਹਮਣੇ

By  Shameela Khan November 12th 2023 10:35 AM

ਬੈਂਗਲੁਰੂ: ਦੀਵਾਲੀ ਦੇ ਮੌਕੇ ‘ਤੇ ਅੱਜ ਵਨਡੇ ਵਿਸ਼ਵ ਕੱਪ 2023 ‘ਚ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੇ ਲਈ ਟਾਸ ਦੁਪਹਿਰ 1:30 ਵਜੇ ਹੋਵੇਗਾ। ਦੋਵੇਂ ਟੀਮਾਂ ਲੀਗ ਪੜਾਅ ਦਾ 45ਵਾਂ ਅਤੇ ਆਖਰੀ ਮੈਚ ਖੇਡਣਗੀਆਂ। ਟੀਮ ਇੰਡੀਆ ਟੂਰਨਾਮੈਂਟ ‘ਚ ਲਗਾਤਾਰ 8 ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਟੀਮ ਪਹਿਲੀ ਵਾਰ ਕਿਸੇ ਵਿਸ਼ਵ ਕੱਪ ‘ਚ ਲਗਾਤਾਰ 9 ਮੈਚਾਂ ਵਿੱਚ ਆਪਣੀ ਜਿੱਤ ਦਰਜ ਕਰੇਗੀ। ਦੂਜੇ ਪਾਸੇ ਨੀਦਰਲੈਂਡ ਅੱਜ ਦਾ ਮੈਚ ਜਿੱਤ ਕੇ 2025 ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਾ ਚਾਹੇਗਾ।

ਮੇਜ਼ਬਾਨ ਅਤੇ ਟੇਬਲ ਟਾਪਰ ਭਾਰਤ ਟੂਰਨਾਮੈਂਟ ਦੀ ਇਕਲੌਤੀ ਅਜੇਤੂ ਟੀਮ ਹੈ। ਟੀਮ ਨੇ 8 ਮੈਚਾਂ ‘ਚੋਂ 8 ਜਿੱਤੇ ਅਤੇ ਹੁਣ 9ਵੇਂ ਮੈਚ ‘ਚ ਨੀਦਰਲੈਂਡ ਨਾਲ ਭਿੜੇਗੀ। ਟੀਮ ਇੰਡੀਆ 16 ਅੰਕਾਂ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ ਪਰ ਨੀਦਰਲੈਂਡ 10ਵੇਂ ਨੰਬਰ ‘ਤੇ ਹੈ। ਡੱਚ ਟੀਮ 8 ਮੈਚਾਂ ‘ਚੋਂ ਸਿਰਫ 2 ਹੀ ਜਿੱਤ ਸਕੀ। ਟੀਮ ਦੇ ਸਿਰਫ 4 ਅੰਕ ਹਨ।ਭਾਰਤ ਅਤੇ ਨੀਦਰਲੈਂਡ ਵਿਚਾਲੇ ਹੁਣ ਤੱਕ ਸਿਰਫ ਦੋ ਵਨਡੇ ਖੇਡੇ ਗਏ ਹਨ। ਭਾਰਤ ਨੇ ਦੋਵੇਂ ਵਾਰ ਜਿੱਤ ਦਰਜ ਕੀਤੀ ਅਤੇ ਦੋਵੇਂ ਮੈਚ ਵਿਸ਼ਵ ਕੱਪ ਵਿੱਚ ਖੇਡੇ ਗਏ ਹਨ। 2003 ਵਿੱਚ ਭਾਰਤ ਨੇ 68 ਦੌੜਾਂ ਨਾਲ ਅਤੇ 2011 ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਨੇ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਟੀਮ ਨੇ ਅਫ਼ਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਨੂੰ ਵੀ ਹਰਾਇਆ। ਟੀਮ ਨੇ ਦੱਖਣੀ ਅਫਰੀਕਾ ਖਿਲਾਫ ਮੈਚ 243 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ। ਅੱਜ ਦਾ ਮੈਚ ਜਿੱਤ ਕੇ ਟੀਮ ਟੂਰਨਾਮੈਂਟ ‘ਚ ਆਪਣਾ ਲਗਾਤਾਰ 9ਵਾਂ ਮੈਚ ਜਿੱਤੇਗੀ ਅਤੇ 18 ਅੰਕਾਂ ਨਾਲ ਅੰਕ ਸੂਚੀ ‘ਚ ਨੰਬਰ-1 ‘ਤੇ ਰਹੇਗੀ।


Related Post