PTC News
Search
🔍 Search

Chandigarh ਦੇ ਸੈਕਟਰ-36 ਪਾਰਕ ’ਚ ਕੁੜੀ ਦਾ ਬੇਰਹਿਮੀ ਨਾਲ ਕਤਲ. ਮੁਲਜ਼ਮ ਫਰਾਰ

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸੁਹਾਨੀ ਦਾ ਰਿਸ਼ਤਾ ਸੈਕਟਰ-56 ਨਿਵਾਸੀ ਰਾਹੁਲ ਨਾਲ ਤੈਅ ਹੋਇਆ ਸੀ, ਉਹ ਕੁਝ ਕੰਮ ਲਈ ਬਾਹਰ ਗਈ ਸੀ ਅਤੇ ਕੁਝ ਸਮੇਂ ਬਾਅਦ ਉਸ ਨੇ ਆਪਣੀ ਮਾਂ ਨੂੰ ਫੋਨ ਕਰ ਕੰਬਦੀ ਆਵਾਜ਼ ਵਿੱਚ ਕਿਹਾ ਕਿ ਮਾਂ, ਵਿਨੈ ਨੇ ਮੈਨੂੰ ਛੁਰੀ ਮਾਰ ਦਿੱਤੀ ਹੈ, ਬਚਾ ਲਓ। ਇਸ ਤੋਂ ਬਾਅਦ ਪਰਿਵਾਰ ਤੁਰੰਤ ਪਾਰਕ ਵੱਲ ਦੌੜਿਆ।

By  Aarti February 23rd 2026 12:18 PM

Chandigarh News : ਚੰਡੀਗੜ੍ਹ ਦੇ ਸੈਕਟਰ-36 ਸਥਿਤ ਪਾਰਕ ਵਿੱਚ ਐਤਵਾਰ ਰਾਤ ਕਰੀਬ 8:30 ਵਜੇ 23 ਸਾਲਾ ਸੁਹਾਨੀ ਦੀ ਛੁਰੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਵਿਨੈ ਨੇ ਸੁਹਾਨੀ ਦੇ ਗਲੇ ‘ਤੇ ਛੁਰੀ ਨਾਲ ਵਾਰ ਕੀਤਾ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸੁਹਾਨੀ ਦਾ ਰਿਸ਼ਤਾ ਸੈਕਟਰ-56 ਨਿਵਾਸੀ ਰਾਹੁਲ ਨਾਲ ਤੈਅ ਹੋਇਆ ਸੀ, ਉਹ ਕੁਝ ਕੰਮ ਲਈ ਬਾਹਰ ਗਈ ਸੀ ਅਤੇ ਕੁਝ ਸਮੇਂ ਬਾਅਦ ਉਸ ਨੇ ਆਪਣੀ ਮਾਂ ਨੂੰ ਫੋਨ ਕਰ ਕੰਬਦੀ ਆਵਾਜ਼ ਵਿੱਚ ਕਿਹਾ ਕਿ ਮਾਂ, ਵਿਨੈ ਨੇ ਮੈਨੂੰ ਛੁਰੀ ਮਾਰ ਦਿੱਤੀ ਹੈ, ਬਚਾ ਲਓ। ਇਸ ਤੋਂ ਬਾਅਦ ਪਰਿਵਾਰ ਤੁਰੰਤ ਪਾਰਕ ਵੱਲ ਦੌੜਿਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਸੁਹਾਨੀ ਨੂੰ ਜ਼ਖਮੀ ਹਾਲਤ ਵਿੱਚ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਮੌਕੇ ‘ਤੇ ਮੌਜੂਦ ਸੀ, ਪਰ ਉਸ ਨੂੰ ਤੁਰੰਤ ਹਸਪਤਾਲ ਨਹੀਂ ਲਿਜਾਇਆ ਗਿਆ। ਪਾਰਕ ਅੰਦਰ ਐਂਬੂਲੈਂਸ ਨਾ ਪਹੁੰਚ ਸਕਣ ਕਰਕੇ ਪਿਤਾ ਨੇ ਖੁਦ ਧੀ ਨੂੰ ਚੁੱਕ ਕੇ ਬਾਹਰ ਲਿਆ। ਉਸ ਨੂੰ ਸੈਕਟਰ-16 ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ।

ਪੁਲਿਸ ਨੇ ਮੁਲਜ਼ਮ ਵਿਨੈ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨਯ ਬਿਹਾਰ ਦੇ ਮਧੁਬਨੀ ਦਾ ਰਹਿਣ ਵਾਲਾ ਹੈ ਅਤੇ ਸੈਕਟਰ-35 ਦੀ ਇੱਕ ਮਿਠਾਈ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਹ ਪਿਛਲੇ ਕਰੀਬ ਇੱਕ ਸਾਲ ਤੋਂ ਸੁਹਾਨੀ ਨੂੰ ਜਾਣਦਾ ਸੀ ਅਤੇ ਉਸ ਨੂੰ ਤੰਗ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਹ ਨਸ਼ਾ ਕਰਦਾ ਸੀ ਅਤੇ ਲਗਾਤਾਰ ਸੁਹਾਨੀ ਨੂੰ ਪਰੇਸ਼ਾਨ ਕਰ ਰਿਹਾ ਸੀ।

ਸੁਹਾਨੀ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੀਜੇ ਸਾਲ ਦੀ ਵਿਦਿਆਰਥਣ ਸੀ ਅਤੇ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਸੈਕਟਰ-22 ਸਥਿਤ ਇੱਕ ਕਲੀਨਿਕ ਵਿੱਚ ਕੰਮ ਵੀ ਕਰਦੀ ਸੀ। ਪਰਿਵਾਰ ਝਾਮਪੁਰ ਵਿੱਚ ਨਵਾਂ ਘਰ ਬਣਾ ਰਿਹਾ ਹੈ ਅਤੇ ਜੂਨ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।

Related Post