PTC News
Search

ਸਕਾਰਪੀਓ ਚ ਜ਼ਿੰਦਾ ਸੜ ਗਿਆ ਨੌਜਵਾਨ, ਰੂਹ ਕੰਬਾਊ ਮੰਜ਼ਰ ਦੇਖ ਕੰਬੇ ਲੋਕ

Punjab News:​ ਮਾਨਾਂਵਾਲਾ-ਤਰਨਤਾਰਨ ਬਾਈਪਾਸ ’ਤੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਸਕੌਰਪੀਓ ਗੱਡੀ ਅਤੇ ਲੁੱਕ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ।

By  Amritpal Singh October 1st 2026 07:04 PM

Punjab News:​ ਮਾਨਾਂਵਾਲਾ-ਤਰਨਤਾਰਨ ਬਾਈਪਾਸ ’ਤੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਸਕੌਰਪੀਓ ਗੱਡੀ ਅਤੇ ਲੁੱਕ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਖ਼ਤਰਨਾਕ ਸੀ ਕਿ ਦੋਵਾਂ ਵਾਹਨਾਂ ਨੂੰ ਮੌਕੇ ’ਤੇ ਹੀ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਸਕੌਰਪੀਓ ਸਵਾਰ ਨੌਜਵਾਨ ਕਾਰ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਅਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਜਿਉਂਦੇ ਸੜ ਜਾਣ ਨਾਲ ਦਰਦਨਾਕ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਕਰੀਬ 25 ਸਾਲਾ ਨੌਜਵਾਨ ਗੁਰਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਗੋਇੰਦਵਾਲ ਸਾਹਿਬ ਦਾ ਵਸਨੀਕ ਸੀ। ਜਾਣਕਾਰੀ ਮੁਤਾਬਕ ਉਹ ਘਰਾਂ ਵਿੱਚ ਪੀਵੀਸੀ (PVC) ਫਿਟਿੰਗ ਦਾ ਕੰਮ ਕਰਦਾ ਸੀ ਅਤੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਸਮਾਨ ਲੈਣ ਲਈ ਅੰਮ੍ਰਿਤਸਰ ਵੱਲ ਜਾ ਰਿਹਾ ਸੀ।

ਪੁਲਿਸ ਅਧਿਕਾਰੀ ਹਰਜੀਤ ਸਿੰਘ ਮੁਤਾਬਕ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸਕਾਰਪੀਓ ਗੱਡੀ ਪਿੱਛੋਂ ਆ ਕੇ ਲੁੱਕ ਵਾਲੇ ਟਰੱਕ ਨਾਲ ਟਕਰਾਈ। ਹਾਦਸਾ ਵਾਪਰਦੇ ਹੀ ਗੱਡੀ ਦੇ ਪਰਖੱਚੇ ਉੱਡਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਤੋਂ ਤੁਰੰਤ ਬਾਅਦ ਟਿੱਪਰ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸਾ ਦੇਖਦਿਆਂ ਹੀ ਆਸ-ਪਾਸ ਦੇ ਢਾਬਿਆਂ ਵਾਲੇ ਅਤੇ ਸਥਾਨਕ ਰਾਹਗੀਰ ਮਦਦ ਲਈ ਦੌੜੇ। ਪੁਲਿਸ ਮੁਲਾਜ਼ਮਾਂ ਅਤੇ ਲੋਕਾਂ ਨੇ ਬਿਨਾਂ ਸਮਾਂ ਗਵਾਏ ਮੋਟਰਾਂ, ਪਾਈਪਾਂ ਅਤੇ ਕੀਟਨਾਸ਼ਕ ਸਪਰੇਅ ਵਾਲੀਆਂ ਟੈਂਕੀਆਂ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਕਾਰ ਸਵਾਰ ਨੌਜਵਾਨ ਨੂੰ ਬਾਹਰ ਕੱਢਣਾ ਅਸੰਭਵ ਹੋ ਗਿਆ ਅਤੇ ਉਹ ਅੰਦਰ ਹੀ ਦਮ ਤੋੜ ਗਿਆ।

ਦੇਰੀ ਨਾਲ ਪਹੁੰਚੀ ਫਾਇਰ ਬ੍ਰਿਗੇਡ, ਭੜਕੇ ਲੋਕ!

ਇਸ ਦਰਦਨਾਕ ਘਟਨਾ ਤੋਂ ਬਾਅਦ ਇਕੱਠੇ ਹੋਏ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਇਲਜ਼ਾਮ ਲਾਇਆ ਕਿ ਘਟਨਾ ਦੇ ਕਰੀਬ ਪੌਣਾ ਤੋਂ ਇੱਕ ਘੰਟਾ ਬਾਅਦ ਤੱਕ ਵੀ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਮੌਕੇ ’ਤੇ ਨਹੀਂ ਪਹੁੰਚੀ। ਲੋਕਾਂ ਮੁਤਾਬਕ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਸ਼ਾਇਦ ਨੌਜਵਾਨ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਸੀ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ "ਅੰਮ੍ਰਿਤਸਰ ਵਾਲੀ ਫਾਇਰ ਬ੍ਰਿਗੇਡ ਖ਼ਰਾਬ ਹੋਣ ਕਾਰਨ ਤਰਨਤਾਰਨ ਤੋਂ ਗੱਡੀ ਮੰਗਵਾਈ ਗਈ, ਜਿਸ ਕਾਰਨ ਦੇਰੀ ਹੋਈ।"

ਲੋਕਾਂ ਦੀ ਸਰਕਾਰ ਨੂੰ ਅਪੀਲ

​ਸਥਾਨਕ ਲੋਕਾਂ ਅਤੇ ਪੀੜਤ ਦੇ ਜਾਣਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਸਤ ਹਾਈਵੇਅ ਉੱਤੇ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੇ ਪੱਕੇ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਘਰ ਦਾ ਚਿਰਾਗ਼ ਇਸ ਤਰ੍ਹਾਂ ਨਾ ਬੁਝੇ। ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post