Gidderbaha: IPhone ਲਈ ਭਤੀਜੇ ਨੇ ਤਾਏ ਦਾ ਕੀਤਾ ਕਤਲ, ਨਹਿਰ 'ਚ ਸੁੱਟੀ ਲਾਸ਼

By  KRISHAN KUMAR SHARMA March 7th 2024 09:45 AM

ਪੀਟੀਸੀ ਨਿਊਜ਼ ਡੈਸਕ: ਗਿੱਦੜਬਾਹਾ ਤੋਂ ਇੱਕ ਬਹੁਤ ਹੀ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ। ਪਿੰਡ ਮਧੀਰ 'ਚ ਇੱਕ ਨੌਜਵਾਨ ਵੱਲੋਂ ਆਪਣੇ ਤਾਏ ਦਾ ਕਤਲ ਕਰ ਦਿੱਤਾ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਕਤਲ ਆਈਫੋਨ ਲਈ ਕੀਤਾ ਗਿਆ ਹੈ। ਉਪਰੰਤ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਗਿੱਦੜਬਾਹਾ ਪੁਲਿਸ ਨੇ ਮਾਮਲੇ 'ਚ ਜਾਂਚ ਅਰੰਭ ਦਿੱਤੀ ਹੈ। ਹਾਲਾਂਕਿ ਨੌਜਵਾਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਬੂਟਾ ਸਿੰਘ ਵਾਸੀ ਮਧੀਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਜਗਰੂਪ ਸਿੰਘ ਸਮੇਤ 23 ਫਰਵਰੀ ਨੂੰ ਆਪਣੇ ਦੂਜੇ ਮੁੰਡੇ ਬਲਕਾਰ ਸਿੰਘ ਦੇ ਘਰ ਗਏ ਸਨ। ਉਥੇ ਜਗਰੂਪ ਸਿੰਘ, ਬਲਕਾਰ ਸਿੰਘ ਦੇ ਘਰ ਹੀ ਰੁਕ ਗਿਆ ਸੀ। ਇਸ ਦੌਰਾਨ ਬਲਕਾਰ ਸਿੰਘ ਦੇ ਮੁੰਡੇ ਸਹਿਜਪ੍ਰੀਤ ਨੂੰ ਪਤਾ ਲੱਗ ਗਿਆ ਸੀ ਤਾਇਆ ਜਗਰੂਪ ਸਿੰਘ ਦੇ ਖਾਤੇ ਵਿੱਚ ਪੈਸੇ ਹਨ। ਇਸ ਲਈ ਸਹਿਜਪ੍ਰੀਤ ਨੇ ਆਈਫੋਨ ਲੈਣ ਲਈ ਆਪਣੀ ਯੋਜਨਾ ਤਹਿਤ ਜਗਰੂਪ ਸਿੰਘ ਦਾ ਮਫਲਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਪਰੰਤ ਸਹਿਜਪ੍ਰੀਤ ਨੇ ਜਗਰੂਪ ਸਿੰਘ ਦੇ ਖਾਤੇ ਵਿਚੋਂ ਪੈਸੇ ਕਢਵਾ ਲਏ ਅਤੇ ਆਈਫੋਨ ਲੈ ਆਇਆ।

ਪੁਲਿਸ ਨੇ ਆਰੋਪੀ ਸਹਿਜਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਜਗਰੂਪ ਸਿੰਘ ਦੇ ਖਾਤੇ ਵਿਚੋਂ 65 ਹਜ਼ਾਰ ਰੁਪਏ ਕਢਵਾ ਕੇ ਫੋਨ ਲਿਆ ਸੀ। ਉਧਰ, ਅਜੇ ਤੱਕ ਨਹਿਰ ਵਿਚੋਂ ਮ੍ਰਿਤਕ ਦੀ ਲਾਸ਼ ਮਿਲਣ ਬਾਰੇ ਕੋਈ ਸੁਰਾਗ ਨਹੀਂ ਹੈ, ਜਿਸ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ।

Related Post