ਡੇਰਾਬੱਸੀ ’ਚ ਦਿਨ-ਦਿਹਾੜੇ ਨੌਜਵਾਨ ’ਤੇ ਹੋਇਆ ਜਾਨਲੇਵਾ ਹਮਲਾ
Punjab News: ਡੇਰਾਬੱਸੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਹਿਸੀਲ ਰੋਡ ’ਤੇ ਰੇਲਵੇ ਫਾਟਕ ਨੇੜੇ ਦਿਨ-ਦਿਹਾੜੇ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।
Derabassi News: ਡੇਰਾਬੱਸੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਹਿਸੀਲ ਰੋਡ ’ਤੇ ਰੇਲਵੇ ਫਾਟਕ ਨੇੜੇ ਦਿਨ-ਦਿਹਾੜੇ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਿਕ ਕਾਲੇ ਰੰਗ ਦੀ ਥਾਰ ’ਚ ਸਵਾਰ ਕੁਝ ਹਮਲਾਵਰਾਂ ਨੇ ਨੌਜਵਾਨ ਦੀ ਕਾਰ ਨੂੰ ਘੇਰ ਲਿਆ ਅਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਨੌਜਵਾਨ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ।
ਜ਼ਖਮੀ ਨੌਜਵਾਨ ਦੀ ਪਛਾਣ ਤਰਨਪ੍ਰੀਤ ਸਿੰਘ, ਪੁੱਤਰ ਭੁਪਿੰਦਰ ਸਿੰਘ, ਵਾਸੀ ਪਿੰਡ ਪਰਾਗਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਰਨਪ੍ਰੀਤ ਸਿੰਘ ਸਰਕਾਰੀ ਕਾਲਜ ਡੇਰਾਬੱਸੀ (Derabassi ) ’ਚ ਸੈਕਿੰਡ ਈਅਰ ਦਾ ਵਿਦਿਆਰਥੀ ਹੈ।
ਦੱਸਿਆ ਜਾ ਰਿਹਾ ਹੈ ਕਿ ਤਰਨਪ੍ਰੀਤ ਆਪਣੀ ਕਾਰ ’ਚ ਪਿੰਡ ਪਰਾਗਪੁਰ ਵੱਲ ਜਾ ਰਿਹਾ ਸੀ। ਰੇਲਵੇ ਫਾਟਕ ਪਾਰ ਕਰਨ ਤੋਂ ਬਾਅਦ ਹਮਲਾਵਰਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਅਚਾਨਕ ਹਮਲਾ ਕਰ ਦਿੱਤਾ।
ਇਸ ਦੌਰਾਨ ਰੌਲਾ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਆਪਣੀ ਥਾਰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਏ।
ਰਾਹਗੀਰਾਂ ਨੇ ਜ਼ਖਮੀ ਨੌਜਵਾਨ ਨੂੰ ਡੇਰਾਬੱਸੀ ਹਸਪਤਾਲ ਪਹੁੰਚਾਇਆ। ਮੁੱਢਲੇ ਇਲਾਜ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ।
ਮੁੱਢਲੀ ਜਾਣਕਾਰੀ ਮੁਤਾਬਕ ਹਮਲੇ ਪਿੱਛੇ ਪੁਰਾਣੀ ਰੰਜਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਹਾਲਾਂਕਿ ਹਮਲੇ ਦੀ ਅਸਲ ਵਜ੍ਹਾ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਮਲੇ ਨਾਲ ਸਬੰਧਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।