Punjab Bandh : ਪੰਜਾਬ ਬੰਦ ਦੌਰਾਨ 21 ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਪ੍ਰਾਈਵੇਟ ਸਕੂਲਾਂ ਦੀ ਵੀ ਪੜ੍ਹੋ ਸਥਿਤੀ
Punjab school Update News: ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਸ਼ੁਕਰਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਆਵਾਜਾਈ ਬੰਦ ਰਹੇਗੀ ਅਤੇ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ। ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ।
ਪ੍ਰੈਸ ਕਾਨਫਰੰਸ ਦੌਰਾਨ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਥਾਂ ’ਤੇ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਹੀ ਕਾਰਵਾਈ ਕੀਤੀ ਗਈ। ਜਿਸਦੇ ਚੱਲਦੇ ਉਨ੍ਹਾਂ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ਬੰਦ ਦਾ ਪ੍ਰੋਗਰਾਮ ਮੋਰਚੇ ਦੀਆਂ ਮੰਗਾਂ ਅਤੇ ਜੋ ਪੁਲਿਸ ਨੇ ਜਬਰ ਕੀਤਾ ਹੈ ਉਸਦੇ ਖਿਲਾਫ ਅਤੇ ਉਨ੍ਹਾਂ ’ਤੇ ਪਾਏ ਝੂਠੇ ਪਰਚੇ ਦੇ ਖਿਲਾਫ ਹੈ।
'SGPC ਦਾ ਬਹੁਤ ਧੰਨਵਾਦ'
ਇਸ ਦੌਰਾਨ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ 15 ਤਰੀਕ ਨੂੰ ਜੋ ਤਸ਼ੱਦਦ ਪੁਲਿਸ ਵੱਲੋਂ ਕੀਤੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਰੱਖਿਆ ਗਿਆ ਹੈ ਇਹ ਬੰਦ ਅਸੀਂ ਐਸਜੀਪੀਸੀ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ’ਤੇ ਜੋ ਪਰਚੇ ਕੀਤੇ ਗਏ ਹਨ, ਉਹ ਸਰਾਸਰ ਗਲਤ ਕਿਰਪਾਨ ਰੱਖਣਾ ਸਾਡਾ ਅਧਿਕਾਰ ਹੈ ਤੇ ਸਾਡੇ ਅਧਿਕਾਰ ਦੇ ਖਿਲਾਫ ਜਾ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਪੰਜਾਬ ਸਰਕਾਰ ਇਸ ਉੱਤੇ ਚੁੱਪ ਹੈ ਕਿਉਂਕਿ ਪੰਜਾਬ ਦੀ ਧਰਤੀ ’ਤੇ ਆ ਕੇ ਹੀ ਉਨ੍ਹਾਂ ਨੇ ਸਾਡੇ ’ਤੇ ਗੋਲੇ ਸੁੱਟੇ ਸਨ।
ਕੀ ਕੁਝ ਰਹੇਗਾ ਬੰਦ ?
ਕੌਮੀ ਇਨਸਾਫ ਮੋਰਚੇ ਦੀ ਬੰਦ ਦੀ ਕਾਲ ਦੌਰਾਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵੇਰ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੌਰਾਨ ਕੀ ਕੁਝ ਬੰਦ ਰਹੇਗਾ:-
ਸਕੂਲ ਬੰਦ ਰਹਿਣ ਦੀ ਸੰਭਾਵਨਾ
ਕਾਲਜ ਬੰਦ ਰਹਿਣ ਦੀ ਸੰਭਾਵਨਾ
ਟ੍ਰੇ੍ਨਾਂ ਵੀ ਹੋ ਸਕਦੀਆਂ ਹਨ ਬੰਦ
ਬਾਜ਼ਾਰ ਬੰਦ
ਟਰਾਂਸਪੋਰਟ ਬੰਦ
ਕੀ ਰਹੇਗਾ ਖੁੱਲ੍ਹਾ ?
ਹਸਪਤਾਲ
ਮੈਡੀਕਲ ਸਟੋਰ
ਐਮਰਜੈਂਸੀ ਸੇਵਾਵਾਂ ਬਹਾਲ
ਵਿਆਹ , ਪੇਪਰ ਤੇ ਏਅਰਪੋਰਟ ਜਾਣ ਵਾਲੇ ਵਿਅਕਤੀ ਨੂੰ ਰਹੇਗੀ ਛੋਟ
ਨਾਲ ਹੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਤੋਂ ਜਬਰੀ ਕੁਝ ਵੀ ਬੰਦ ਨਹੀਂ ਕਰਵਾਇਆ ਜਾਵੇਗਾ। ਫਿਲਹਾਲ ਉਨ੍ਹਾਂ ਨੂੰ ਇਸ ਬੰਦ ਨੂੰ ਲੈ ਕੇ ਸੁਝਾਅ ਮਿਲ ਰਰੇ ਹਨ। ਆਗੂਆਂ ਨੇ ਇਹ ਵੀ ਦੱਸਿਆ ਕਿ ਟ੍ਰੇਨਾਂ ਨੂੰ ਬੰਦ ਕਰਨ ਦੇ ਲਈ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਟ੍ਰੇਨਾਂ ਦਾ ਵੀ ਜਾਮ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਮਿਲਿਆ ਸਮਰਥਨ
ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv Harjinder Singh Dhami) ਨੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ 2026 ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਪਹਿਲਾਂ ਤੋਂ ਨਿਰਧਾਰਤ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 21 ਅਗਸਤ ਦੀ ਥਾਂ 22 ਅਗਸਤ ਨੂੰ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਰੀ ਪ੍ਰੈੱਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 21 ਅਗਸਤ ਨੂੰ ਰੱਖੀ ਗਈ ਸੀ, ਜੋ ਹੁਣ 22 ਅਗਸਤ ਨੂੰ ਸਵੇਰੇ 11:00 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਥੇ ਆਪ ਹਮੇਸ਼ਾਂ ਯਤਨਸ਼ੀਲ ਰਹੀ ਹੈ, ਉੱਥੇ ਹੀ ਇਸ ਕਾਰਜ ਲਈ ਹਰ ਸੰਘਰਸ਼ ਦਾ ਪੂਰਨ ਰੂਪ ਵਿਚ ਸਮਰਥਨ ਵੀ ਕਰਦੀ ਹੈ।
15 ਅਗਸਤ ਨੂੰ ਮਾਹੌਲ ਹੋਇਆ ਸੀ ਤਣਾਅਪੂਰਨ
ਕਾਬਿਲੇਗੌਰ ਹੈ ਕਿ 15 ਅਗਸਤ ਨੂੰ ਸਿੱਖ ਬੰਦੀ ਸਿੰਘਾਂ ਦੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਗਵਰਨਰ ਹਾਊਸ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਵਾਟਰ ਕੈਨਨ ਤੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ।
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਨੇ ਸਾਫ਼ ਤੌਰ 'ਤੇ ਐਲਾਨ ਕੀਤਾ ਹੈ ਕਿ ਕੱਲ੍ਹ, 21 ਤਰੀਕ ਨੂੰ ਰਾਜ ਦੇ ਸਾਰੇ ਪ੍ਰਾਈਵੇਟ ਸਕੂਲ ਖੁੱਲ੍ਹੇ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਛੁੱਟੀ ਨਹੀਂ ਹੋਵੇਗੀ। ਐਸੋਸੀਏਸ਼ਨ ਵੱਲੋਂ ਇਸ ਸਬੰਧੀ ਸਮੂਹ ਸਕੂਲਾਂ ਲਈ ਇੱਕ ਨਿਰਦੇਸ਼ (ਸਰਕੁਲਰ) ਵੀ ਜਾਰੀ ਕਰ ਦਿੱਤਾ ਗਿਆ ਹੈ।
"ਸਕੂਲ ਵਿਦਿਅਕ ਅਦਾਰੇ ਹਨ, ਰਾਜਨੀਤਿਕ ਜਾਂ ਧਾਰਮਿਕ ਬੰਦ ਦਾ ਨਹੀਂ ਹੋਵੇਗਾ ਅਸਰ"
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਸਕੂਲ ਵਿਦਿਅਕ ਅਦਾਰੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਸਭ ਤੋਂ ਪਹਿਲਾਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਜਥੇਬੰਦੀ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਸਕੂਲਾਂ ਨੂੰ ਬੰਦ ਨਹੀਂ ਰੱਖਿਆ ਜਾਵੇਗਾ।
ਸਕੂਲ ਪ੍ਰਬੰਧਕਾਂ ਨੂੰ ਜਾਰੀ ਕੀਤੀਆਂ ਹਦਾਇਤਾਂ
ਐਸੋਸੀਏਸ਼ਨ ਵੱਲੋਂ ਤਮਾਮ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਸਮੇਂ ਅਨੁਸਾਰ ਸਕੂਲ ਖੋਲ੍ਹਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਣ ਦੇਣ। ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਚ ਨਾ ਆਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ 21 ਤਰੀਕ ਨੂੰ ਸਾਰੀਆਂ ਜਮਾਤਾਂ ਸੁਚਾਰੂ ਰੂਪ ਨਾਲ ਚੱਲਣਗੀਆਂ।
- PTC NEWS