ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਣਾ ਚਾਹੀਦਾ - ਤਾਲਿਬਾਨ

By  Jasmeet Singh September 29th 2022 04:01 PM

Taliban's warning to Pakistan: ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ 'ਚ ਤਾਲਿਬਾਨ ਨੇ ਪਾਕਿਸਤਾਨ ਨੂੰ ਸਖਤ ਤਾੜਨਾ ਕੀਤੀ ਹੈ। ਅਫਗਾਨਿਸਤਾਨ ਵਿੱਚ ਅੱਤਵਾਦੀ ਸਮੂਹਾਂ ਦੀ ਮੌਜੂਦਗੀ ਦਾ ਦਾਅਵਾ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਤਾਲਿਬਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਸਿਆਸੀ ਮਾਮਲਿਆਂ ਲਈ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅੱਬਾਸ ਸਤਾਨਾਕਜ਼ਈ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਮੁੱਦਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ। ਸਤਾਨਾਕਜ਼ਈ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਪਾਕਿਸਤਾਨ ਦੇ ਦਾਅਵਿਆਂ ਦਾ ਖੰਡਨ ਅਤੇ ਨਿੰਦਾ ਕਰਦੀ ਹੈ ਅਤੇ ਕਿਸੇ ਨੂੰ ਵੀ ਅਫਗਾਨਿਸਤਾਨ ਪ੍ਰਤੀ ਅਜਿਹੇ ਬਿਆਨ ਦੇਣ ਦੀ ਇਜਾਜ਼ਤ ਨਹੀਂ ਦੇਵੇਗੀ। ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਕਿਸੇ ਨੂੰ ਵੀ ਇਸਲਾਮਿਕ ਅਮੀਰਾਤ ਵਿਰੁੱਧ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ। ਜੇਕਰ ਪਾਕਿਸਤਾਨ ਨੂੰ ਆਰਥਿਕ ਸਮੱਸਿਆ ਹੈ ਅਤੇ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਦੁਆਰਾ ਬਲੈਕਲਿਸਟ ਹੈ ਤੇ ਜੇਕਰ ਤੁਹਾਨੂੰ ਕਰਜ਼ਾ ਨਹੀਂ ਮਿਲ ਰਿਹਾ ਤਾਂ ਇਹ ਤੁਹਾਡੀ ਸਮੱਸਿਆ ਹੈ। ਆਪਣਾ ਰਸਤਾ ਆਪ ਬਣਾਓ ਪਰ ਅਫਗਾਨਿਸਤਾਨ ਦੇ ਲੋਕਾਂ ਦੀ ਪੱਤ ਨਾ ਉਛਾਲੋ ਅਤੇ ਸਿਰਫ ਕੁਝ ਪੈਸੇ ਕਮਾਉਣ ਲਈ ਅਫਗਾਨਿਸਤਾਨ ਨੂੰ ਬਦਨਾਮ ਨਾ ਕਰੋ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰੇ ਦੀ ਵੱਡੀ ਚਿੰਤਾ ਨੂੰ ਸਾਂਝਾ ਕਰਦਾ ਹੈ, ਖਾਸ ਤੌਰ 'ਤੇ ਇਸਲਾਮਿਕ ਸਟੇਟ-ਖੁਰਾਸਾਨ, ਤਹਿਰੀਕ-ਏ ਤਾਲਿਬਾਨ ਪਾਕਿਸਤਾਨ, ਅਲ-ਕਾਇਦਾ ਅਤੇ ਪੂਰਬੀ ਤੁਰਕਿਸਤਾਨ ਤੋਂ ਸੰਚਾਲਿਤ ਵੱਡੇ ਅੱਤਵਾਦੀ ਸਮੂਹਾਂ ਦੁਆਰਾ ਪੈਦਾ ਹੋਏ ਖਤਰੇ ਬਾਰੇ। ਸ਼ਰੀਫ ਦੇ ਬਿਆਨ 'ਤੇ ਇਸਲਾਮਿਕ ਅਮੀਰਾਤ ਅਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਪ੍ਰਤੀਕਿਰਿਆ ਆਈ ਹੈ। ਇੱਕ ਬਿਆਨ ਵਿੱਚ ਕਰਜ਼ਈ ਨੇ ਕਿਹਾ ਕਿ ਅਫਗਾਨਿਸਤਾਨ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਪਾਕਿਸਤਾਨੀ ਸਰਕਾਰ ਦੇ ਅਧੀਨ ਦੇਸ਼ ਵਿੱਚ ਅੱਤਵਾਦੀ ਸੁਰੱਖਿਅਤ ਪਨਾਹਗਾਹਾਂ ਸਰਗਰਮ ਹਨ ਅਤੇ ਦਹਾਕਿਆਂ ਤੋਂ ਅਫਗਾਨਿਸਤਾਨ ਦੇ ਖ਼ਿਲਾਫ਼ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। -PTC News

Related Post