ਬਾਰ੍ਹਵੀਂ 'ਚੋਂ 83% ਅੰਕ ਹਾਸਿਲ ਕਰਨ ਵਾਲੀ 17 ਸਾਲ ਦੀ ਹੋਣਹਾਰ ਵਿਦਿਆਰਥਣ ਨੇ ਗ਼ਰੀਬੀ ਹੱਥੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ

By  Kaveri Joshi July 25th 2020 06:13 PM -- Updated: July 25th 2020 06:17 PM

ਪਟਿਆਲਾ: ਬਾਰ੍ਹਵੀਂ 'ਚੋਂ 83% ਅੰਕ ਹਾਸਿਲ ਕਰਨ ਵਾਲੀ 17 ਸਾਲ ਦੀ ਹੋਣਹਾਰ ਵਿਦਿਆਰਥਣ ਨੇ ਗ਼ਰੀਬੀ ਹੱਥੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ: ਗਰੀਬੀ ਵੀ ਕਿੰਨੀ ਅਜੀਬ ਸ਼ੈਅ ਹੈ , ਚਾਅ ਫ਼ਨਾਹ ਕਰ ਦਿੰਦੀ ਐ! ਪਟਿਆਲਾ 'ਚ ਇੱਕ ਹੋਣਹਾਰ ਸਿੱਖਿਆਰਥਣ , ਜਿਸਨੇ ਬਾਰ੍ਹਵੀਂ ਦੀ ਪ੍ਰੀਖਿਆ 'ਚ 83% ਪ੍ਰਤੀਸ਼ਤ ਅੰਕ ਹਾਸਲ ਕੀਤੇ ਸਨ, ਨੇ ਗਰੀਬੀ ਹੱਥੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲਈ।

ਮਿਲੀ ਜਾਣਕਾਰੀ ਮੁਤਾਬਕ 17 ਸਾਲ ਦੀ ਉਕਤ ਵਿਦਿਆਰਥਣ ਪਟਿਆਲਾ ਦੇ ਸੂਲਰ ਰੋਡ ਇਲਾਕੇ ਦੀ ਵਸਨੀਕ ਸੀ। 12ਵੀਂ ਕਲਾਸ ਦੀ ਪ੍ਰੀਖਿਆ 'ਚ ਵਧੀਆ ਅੰਕ ਲੈਣ ਉਪਰੰਤ ਉਹ ਅੱਗੇ ਹੋਰ ਪੜ੍ਹਾਈ ਕਰਨਾ ਚਾਹੁੰਦੀ ਸੀ, ਪਰ ਘਰ 'ਚ ਪੱਸਰੀ ਗਰੀਬੀ ਨੇ ਉਸਦੇ ਸਾਰੇ ਚਾਅ ਤੇ ਇੱਛਾਵਾਂ ਨੂੰ ਖ਼ਤਮ ਕਰ ਦਿੱਤਾ।

ਪੁਲਿਸ ਦੇ ਦੱਸਣ ਅਨੁਸਾਰ ਉਕਤ ਬੱਚੀ ਪੜ੍ਹਾਈ ਵਾਸਤੇ ਚੰਡੀਗੜ੍ਹ ਜਾਣ ਦੀ ਇੱਛੁਕ ਸੀ, ਪਰ ਉਸਦੇ ਮਾਂ-ਬਾਪ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਹੋਣ ਦਗ ਕਾਰਨ ਉਸਦੀ ਇਹ ਇੱਛਾ ਪੂਰੀ ਨਹੀਂ ਕਰ ਸਕਦੇ ਸਨ , ਜਿਸਦੇ ਚਲਦੇ ਉਹ ਮਾਨਸਿਕ ਤਣਾਅ 'ਚ ਆ ਗਈ ਅਤੇ ਉਸਨੇ ਖੌਫ਼ਨਾਕ ਕਦਮ ਚੁੱਕਦੇ ਹੋਏ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਆਫ਼ਿਸਰ ਕਲੋਨੀ ਪੁਲਿਸ ਚੌਂਕੀ ਇੰਚਾਰਜ ਸੰਦੀਪ ਕੌਰ ਦੇ ਦੱਸਣ ਅਨੁਸਾਰ ਰੇਣੂ, ਪਹਿਲਾਂ ਯੂ.ਪੀ ਦੇ ਜ਼ਿਲ੍ਹਾ ਗੋਂਡਾ ਦੇ ਨਿਵਾਸੀ ਰਹੇ ਹਨ।

ਬੀਤੇ ਦਿਨੀਂ ਬਾਹਰਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਸਨ, ਜਿਸ 'ਚ ਰੇਣੂ ਨੇ 83 ਫ਼ੀਸਦੀ ਅੰਕ ਆਏ ਸਨ । ਪੜ੍ਹਾਈ 'ਚ ਆਪਣੀ ਸਫ਼ਲਤਾ ਨੂੰ ਲੈ ਕੇ ਰੇਣੂ ਖੁਸ਼ ਸੀ, ਪਰ ਸ਼ਾਇਦ ਮਜਬੂਰੀਵੱਸ ਅੱਗੇ ਨਾ ਪੜ੍ਹ ਸਕਣ ਕਰਕੇ ਉਹ ਨਿਰਾਸ਼ਾ ਦੇ ਆਲਮ 'ਚ ਚਲੀ ਗਈ ਸੀ, ਜਿਸ ਕਾਰਨ ਉਸਨੇ ਘਰ 'ਚ ਪੱਖੇ ਕੋਲ ਲੱਗੀ ਪਾਈਪ ਨਾਲ ਚੁੰਨੀ ਦੀ ਵਰਤੋਂ ਕਰਕੇ ਫਾਹ ਲੈ ਲਿਆ। ਕਿਹਾ ਜਾ ਰਿਹਾ ਹੈ ਜਦੋਂ ਰੇਣੂ ਨੇ ਅਜਿਹਾ ਕੀਤਾ, ਉਸ ਵਕਤ ਉਸਦੇ ਮਾਤਾ-ਪਿਤਾ ਘਰ 'ਚ ਮੌਜੂਦ ਨਹੀਂ ਸਨ ਅਤੇ ਭੈਣ-ਭਾਹ ਘਰ ਤੋਂ ਬਾਹਰ ਖੇਡ ਰਹੇ ਸਨ।

ਪਰਿਵਾਰ ਦੇ ਦੱਸਣ ਅਨੁਸਾਰ ਉਨਾਂ ਦੀ ਧੀ ਰੇਣੂ ਬਹੁਤ ਲਾਇਕ ਸੀ ਅਤੇ ਅਗਲੇਰੀ ਪੜ੍ਹਾਈ ਕਰਕੇ ਸੀ.ਏ ਦੀ ਪਦਵੀ ਹਾਸਲ ਕਰਨਾ ਚਾਹੁੰਦੀ ਸੀ, ਪਰ ਹੋਣੀ ਨੂੰ ਕੁਝ ਹੋਰ ਈ ਮਨਜ਼ੂਰ ਸੀ। ਦੱਸ ਦੇਈਏ ਕਿ ਪੁਲਿਸ ਨੇ 174 ਸੀ.ਆਰ.ਪੀ.ਸੀ ਤਹਿਤ ਕਾਰਵਾਈ ਜਾਰੀ ਕਰ ਦਿੱਤੀ ਹੈ।

Related Post