ਪਟਿਆਲਾ ਅਤੇ ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 'ਚ ਹੋਇਆ ਇਜ਼ਾਫਾ

By  Shanker Badra May 23rd 2020 11:59 AM

ਪਟਿਆਲਾ ਅਤੇ ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 'ਚ ਹੋਇਆ ਇਜ਼ਾਫਾ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਭਾਰਤ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਭਾਰਤ 'ਚ ਜਿੱਥੇ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ ,ਓਥੇ ਹੀ ਪੰਜਾਬ ਵਿੱਚ ਫ਼ਿਲਹਾਲ ਕੋਰੋਨਾ ਨੂੰ ਕੁੱਝ ਹੱਦ ਤੱਕ ਬਰੇਕਾਂ ਲੱਗੀਆਂ ਹਨ। ਇਸ ਵਿਚਕਾਰ ਪੰਜਾਬ ਵਿੱਚ ਅੱਜ ਸਵੇਰੇ ਲੁਧਿਆਣਾ ਤੋਂ 3 ਅਤੇ ਪਟਿਆਲਾ ਤੋਂ 3 ਮਾਮਲੇ ਸਾਹਮਣੇ ਆਏ ਹਨ।

ਇਸ ਦੌਰਾਨ ਜਲੰਧਰ 'ਚ ਕੋਰੋਨਾ ਤੋਂ ਪੀੜਤ 3 ਹੋਰ ਮਰੀਜ਼ਾਂ ਦੇ ਮਿਲਣ ਨਾਲ ਹੁਣ ਗਿਣਤੀ ਵੱਧ ਕੇ 221 ਹੋ ਗਈ ਹੈ। ਦੇਰ ਰਾਤ ਆਈਆਂ ਰਿਪੋਰਟਾਂ 'ਚ ਸਿਵਲ ਹਸਪਤਾਲ ਦੀ ਇਕ ਸਟਾਫ਼ ਨਰਸ, ਨਿੱਜੀ ਹਸਪਤਾਲ ਦੀ ਮਹਿਲਾ ਸਟਾਫ਼ ਮੈਂਬਰ ਅਤੇ ਟੀ.ਬੀ. ਦੀ ਬਿਮਾਰੀ ਤੋਂ ਪੀੜਤ ਇਕ ਵਿਅਕਤੀ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲੇ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਦਫ਼ਤਰ ਵਲੋਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੋਰੋਨਾ ਜਾਂਚ ਲਈ ਲਏ ਗਏ ਸੈਂਪਲਾ 'ਚੋਂ ਪ੍ਰਾਪਤ ਹੋਈ ਰਿਪੋਰਟ 'ਚ 3 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇੰਨ੍ਹਾਂ 'ਚੋਂ ਮੁੰਬਈ ਤੋਂ ਇਕੱਠੇ ਪਰਤੇ 4 ਵਿਅਕਤੀਆਂ 'ਚੋਂ ਰਾਜਪੁਰਾ ਨਾਲ ਸਬੰਧਿਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਪਾਜ਼ੀਟਿਵ ਆਈ ਹੈ।

ਉੱਤਰ ਪ੍ਰਦੇਸ਼ ਤੋਂ ਕੰਬਾਇਨ ਦੇ ਨਾਲ ਆਇਆ ਮਜ਼ਦੂਰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ 'ਤੇ ਇਸ ਦੇ ਨਾਲ ਹੀ ਇੱਕ ਆਸ਼ਾ ਵਰਕਰ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਤਿੰਨੇ ਮਰੀਜ਼ ਆਈਸੋਲੇਸ਼ਨ ਫੈਸਿਲਿਟੀ 'ਚ ਸ਼ਿਫਟ ਕੀਤੇ ਗਏ ਹਨ। ਇੰਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਦਫ਼ਤਰ ਵਲੋਂ ਕੀਤੀ ਗਈ।

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2035 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1847 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 143 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ ਅਤੇ ਪੰਜਾਬ ਵਿੱਚ ਸ਼ੁੱਕਰਵਾਰ ਨੂੰ 28 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

-PTCNews

Related Post