ਆਪਣੀ ਨਾਲ ਹੋਈ ਕੁੱਟਮਾਰ ਦਾ ਇਸ ਸਿਰਫਿਰੇ ਨੇ ਇੰਜ ਲਿਆ ਬਦਲਾਅ ਤੇ ਪੁਲਿਸ ਵੀ ਰਹਿ ਗਈ ਢੰਗ

By  Jasmeet Singh July 6th 2022 09:07 PM -- Updated: July 6th 2022 09:08 PM

ਨਵਾਂਸ਼ਹਿਰ, 6 ਜੁਲਾਈ: ਕੁੱਝ ਦਿਨ ਪਹਿਲਾਂ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਨੌਰਾ ਵਿਖੇ ਡੀ.ਜੇ. ਦਾ ਕੰਮ ਕਰਦੇ ਵਿਅਕਤੀ ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਕੁੱਝ ਦਿਨ ਬਾਅਦ ਉਸੇ ਹੀ ਪਿੰਡ ਦੇ ਐਲ.ਆਈ.ਸੀ ਏਜੰਟ ਕੋਲੋਂ 10 ਲੱਖ ਦੀ ਫਿਰੌਤੀ ਵੀ ਮੰਗੀ ਗਈ ਸੀ। ਜਿਸ ਵਿਚ ਬੰਗਾ ਪੁਲਿਸ ਵੱਲੋਂ ਟਰੈਕ ਲਗਾ ਕੇ ਫਿਰੌਤੀ ਦੀ ਰਕਮ ਲੈਣ ਆਏ ਇੱਕ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਪਟਵਾਰੀਆਂ ਲਈ ਸਿਖਲਾਈ ਸਮੇਂ ਵਿੱਚ ਕਟੌਤੀ ਦਾ ਐਲਾਨ

ਇਸ ਮਾਮਲੇ ਵਿਚ ਉਕਤ ਦੋਸ਼ੀ ਨੇ ਗ੍ਰਿਫਤਾਰੀ ਸਮੇਂ ਪੁਲਿਸਕਰਮੀ ਦੇ ਪੱਟ ਵਿਚ ਗੋਲੀ ਵੀ ਮਾਰ ਦਿੱਤੀ ਸੀ। ਨਵਾਂਸ਼ਹਿਰ ਪੁਲਿਸ ਵੱਲੋਂ ਅੱਜ ਇਸ ਕੇਸ ਦੇ ਮੁੱਖ ਅਰੋਪੀ ਰਣਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨੌਰਾ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਤਲ ਕਰਨ ਵਾਲਾ ਤੇ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਮਾਸਟਰ ਮਾਈਂਡ ਰਣਜੀਤ ਸਿੰਘ ਅੰਬਾਲਾ ਵਿਚ ਆਪਣਾ ਨਾਮ ਬਦਲ ਜਗਤਾਰ ਸਿੰਘ ਵਜੋਂ ਰਹਿ ਰਿਹਾ ਸੀ। ਜਿਸ ਨੂੰ ਕਿ ਨਵਾਂਸ਼ਹਿਰ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਪੀ (ਡੀ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਰਣਜੀਤ ਸਿੰਘ ਮੰਨਿਆ ਕਿ ਉਸ ਨੇ ਮਿਤੀ 16-04-2022 ਨੂੰ ਮ੍ਰਿਤਕ ਸੁਖਵਿੰਦਰ ਸਿੰਘ (ਡੀ.ਜੇ ਵਾਲੇ) ਵਾਸੀ ਪਿੰਡ ਨੌਰਾ ਦਾ ਵੀ ਕਤਲ ਕੀਤਾ ਸੀ। ਜਿਸ ਦੀ ਵਜ੍ਹਾ ਰੰਜਸ਼ ਰਹੀ, ਮਾਮਲਾ ਇਹ ਸੀ ਕਿ ਸੁਖਵਿੰਦਰ ਸਿੰਘ ਨੇ ਸਾਲ 2013 ਵਿਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਸੀ। ਇਸ ਰੰਜਸ਼ ਤਹਿਤ ਉਸ ਨੇ ਮਿਤੀ 16-04-2022 ਨੂੰ ਸ਼ਾਮ ਸਮੇਂ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਮੌਕਾ ਤੋਂ ਫ਼ਰਾਰ ਹੋ ਗਿਆ ਸੀ।

ਫਿਰ ਉਸ ਨੇ ਮਿਤੀ 15-06-2022 ਨੂੰ ਅਮਰਜੀਤ ਸਿੰਘ ਪੁੱਤਰ ਧਿਆਨ ਚੰਦ ਜੋ ਐਲ.ਆਈ.ਸੀ ਐਡਵਾਈਜ਼ਰ ਵਜੋਂ ਕੰਮ ਕਰਦਾ ਹੈ, ਉਸ ਨੂੰ ਮੌਤ ਦਾ ਡਰਾਵਾ ਦੇ ਕੇ ਉਸ ਪਾਸੋਂ 10 ਲੱਖ ਰੁਪਏ ਫਿਰੌਤੀ ਮੰਗੀ ਸੀ ਅਤੇ ਦੋਸ਼ੀ ਰਣਜੀਤ ਨੇ ਮੰਨਿਆ ਕਿ ਉਸ ਨੇ ਜਿਸ ਪਿਸਤੌਲ ਨਾਲ ਸੁਖਵਿੰਦਰ ਸਿੰਘ ਦਾ ਕਤਲ ਕੀਤਾ ਸੀ ਉਹ ਪਿਸਤੌਲ ਉਸ ਨੂੰ ਉਸ ਦੇ ਸਾਥੀ ਨੋਮਨ ਨੇ ਦਿੱਤਾ ਸੀ ਤੇ ਉਸ ਨੇ ਸੁਖਵਿੰਦਰ ਦਾ ਕਤਲ ਕਰਨ ਤੋ ਬਾਅਦ ਉਹ ਪਿਸਤੌਲ ਨੋਮਨ ਨੂੰ ਵਾਪਸ ਕਰ ਦਿੱਤਾ ਸੀ। ਜਿਸ ਦੇ ਆਧਾਰ ਤੇ ਨੋਮਨ ਨੂੰ ਸੁਖਵਿੰਦਰ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ।

ਦੋਸ਼ੀ ਰਣਜੀਤ ਸਿੰਘ ਦੀ ਨਿਸ਼ਾਨਦੇਹੀ ਤੇ ਉਸ ਵੱਲੋਂ ਉਪਰੋਕਤ ਕਤਲ ਕੇਸ ਵਿੱਚ ਵਰਤਿਆ ਬਜਾਜ ਪਲਸਰ ਮੋਟਰਸਾਈਕਲ ਅਤੇ ਫਿਰੌਤੀ ਦੇ ਕੇਸ ਵਿਚ ਵਰਤੀ ਸਵਿਫ਼ਟ ਕਾਰ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ: ਡੀਐਸਪੀ ਫਰੀਦਕੋਟ ਲਖਵੀਰ ਸਿੰਘ ਨਸ਼ਾ ਤਸਕਰ ਤੋਂ 10 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ

ਦੋਸ਼ੀ ਨੋਮਨ ਨੂੰ ਵੀ ਪ੍ਰਡਕਸ਼ਨ ਵਾਰੰਟ ਤੇ ਲਿਆ ਕੇ ਸਮੇਤ ਦੋਸ਼ੀ ਰਣਜੀਤ ਸਿੰਘ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਇਸ ਤੋਂ ਬਾਅਦ ਹੁਣ ਹੋਰ ਵੀ ਕਈ ਅਪਰਾਧਿਕ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

-PTC News

Related Post