Aurangabad Train Accident: ਔਰੰਗਾਬਾਦ ਰੇਲ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ

By  Shanker Badra May 8th 2020 01:10 PM

Aurangabad Train Accident: ਔਰੰਗਾਬਾਦ ਰੇਲ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ:ਔਰੰਗਾਬਾਦ : ਮਹਾਰਾਸ਼ਟਰ ਦੇ ਔਰੰਗਾਬਾਦ 'ਚ ਅੱਜ ਸ਼ੁੱਕਰਵਾਰ ਸਵੇਰੇ ਰੇਲ ਪਟੜੀ 'ਤੇ ਸੁੱਤੇ ਪਏ ਮਜ਼ਦੂਰਾਂ  ਉੱਪਰੋਂ ਰੇਲ ਗੱਡੀ ਲੰਘਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਘਟਨਾ ਵਿੱਚ ਘੱਟੋ-ਘੱਟ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਇਹ ਸਾਰੇ ਮਜ਼ਦੂਰ ਛੱਤੀਸਗੜ੍ਹ ਜਾ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰੰਗਾਬਾਦ ਰੇਲ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ, 'ਮਹਾਰਾਸ਼ਟਰ ਦੇ ਔਰੰਗਾਬਾਦ 'ਚ ਰੇਲ ਹਾਦਸੇ 'ਚ ਜਾਨ-ਮਾਲ ਦੇ ਨੁਕਸਾਨ ਤੋਂ ਬੇਹੱਦ ਦੁਖੀ ਹਾਂ। ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਗੱਲਬਾਤ ਕੀਤੀ ਹੈ ਤੇ ਉਹ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ।ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।' ਰੇਲਵੇ ਮੰਤਰਾਲੇ ਨੇ ਦੱਸਿਆ ਕਿ ਸਵੇਰੇ ਮਾਲਗੱਡੀ ਦੇ ਡਰਾਈਵਰ ਨੇ ਦੂਰੋਂ ਦੇਖ ਲਿਆ ਸੀ ਕਿ ਕੁਝ ਪਰਵਾਸੀ ਮਜ਼ਦੂਰ ਪੱਟੜੀ 'ਤੇ ਹਨ। ਇਸ ਦੌਰਾਨ ਉਸ ਨੇ ਟ੍ਰੇਨ ਰੋਕਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਪਰ ਉਹ ਅਸਫਲ ਰਿਹਾ। ਮੰਤਰਾਲੇ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਔਰੰਗਾਬਾਦ ਸਿਵਲ ਹਸਪਤਾਲ 'ਚ ਭਰਤੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉੱਤਰੀ ਰੇਲਵੇ 'ਚ ਪਹਿਲੀ ਵਾਰ ਟ੍ਰੇਨ ਹਾਦਸੇ ਦੀ ਜਾਂਚ ਵ੍ਹਟਸਐਪ 'ਤੇ ਹੋਈ ਹੈ। ਵ੍ਹਟਸਐਪ 'ਤੇ ਵੀਡੀਓ ਕਾਲਿੰਗ ਜ਼ਰੀਏ ਰੇਲ ਮੁਲਾਜ਼ਮਾਂ ਦੇ ਬਿਆਨ ਲਏ ਗਏ ਤੇ ਵ੍ਹਟਸਐਪ ਰਾਹੀਂ ਹੀ ਉਨ੍ਹਾਂ ਦੀ ਕਾਪੀ ਮੰਗਵਾਈ ਗਈ ਹੈ। ਇਸ ਤਰ੍ਹਾਂ ਇਕ ਦਿਨ ਵਿਚ ਹੀ ਦਫ਼ਤਰ 'ਚ ਬੈਠੇ -ਬੈਠੇ ਅਧਿਕਾਰੀਆਂ ਨੇ ਮੁਲਾਜ਼ਮਾਂ ਦੇ ਬਿਆਨ ਲੈਣ ਦਾ ਕੰਮ ਪੂਰਾ ਕਰ ਲਿਆ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਦੇਸ਼ ਭਰ 'ਚ ਮਜ਼ਦੂਰ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ। ਇਹ ਸਾਰੇ ਪ੍ਰਵਾਸੀ ਮਜ਼ਦੂਰ ਆਪਣੇ ਘਰ ਛੱਤੀਸਗੜ੍ਹ ਜਾ ਰਹੇ ਸਨ। ਪੂਰਾ ਦਿਨ ਪਟੜੀ ਦੇ ਨਾਲ-ਨਾਲ ਪੈਦਲ ਚੱਲਣ ਤੋਂ ਬਾਅਦ ਰਾਤ ਨੂੰ ਆਰਾਮ ਕਰਨ ਲਈ ਇਹ ਸਾਰੇ ਪਟੜੀ 'ਤੇ ਸੌ ਗਏ। ਅਜਿਹੇ ਵਿਚ ਕਈ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ। -PTCNews

Related Post