ਲੋਕਾਂ ਨੂੰ ਭਰਮਾਉਣ ਦੀ ਥਾਂ ਪੰਜਾਬ ਲਈ PM ਮੋਦੀ ਕਰਨ ਕੋਈ ਵੱਡਾ ਐਲਾਨ: ਪ੍ਰਕਾਸ਼ ਸਿੰਘ ਬਾਦਲ

By  Riya Bawa January 4th 2022 01:29 PM

ਚੰਡੀਗੜ੍ਹ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਪਹਿਲਾਂ ਹੀ ਤੋਂ ਕਾਫੀ ਦੇਰ ਨਾਲ ਹੋ ਰਹੇ ਪੰਜਾਬ ਦੌਰੇ ਦੌਰਾਨ ਸਿੱਖ ਕੌਮ ਦੇ ਖਿਲਾਫ ਬੇਅਦਬੀ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਕੁਝ ਠੋਸ ਕਦਮ ਚੁੱਕ ਕੇ ਅਤੇ ਪੰਜਾਬ ਦੇ ਲੋਕਾਂ ਨੁੰ ਦਰਪੇਸ਼ ਸਿਆਸੀ, ਧਾਰਮਿਕ ਤੇ ਆਰਥਿਕ ਮਸਲਿਆਂ ਨੂੰ ਹੱਲ ਕਰ ਕੇ ਸਹੀ ਮਾਹੌਲ ਸਿਰਜਣ।

ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਪ੍ਰਮੁੱਖ ਮੁੱਦੇ ਦੱਸੇ ਜਿਹਨਾਂ ਲਈ ਪ੍ਰਧਾਨ ਮੰਤਰੀ ਵੱਲੋਂ ਪੈਕੇਜ ਐਲਾਨੇ ਜਾਣ ਨਾਲ ਮੋਦੀ ਦੇ ਪੰਜਾਬ ਦੌਰੇ ਨੂੰ ਭਰੋਸੇਯੋਗਤਾ ਤੇ ਮਾਣ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਤੁਹਾਡਾ ਬਹੁਤ ਮਾਣ ਤੇ ਸਤਿਕਾਰ ਤੇ ਮੈਂ ਵਿਅਕਤੀਗਤ ਤੌਰ ’ਤੇ ਤੁਹਾਡਾ ਇਥੇ ਆਉਣ ’ਤੇ ਧੰਨਵਾਦ ਕਰਾਂਗਾ ਜੇਕਰ ਤੁਸੀਂ ਪੰਜਾਬੀਆਂ ਦੀਆਂ ਮੰਗਾਂ ਦੀ ਪੂਰਤੀ ਵਾਸਤੇ ਆਰਥਿਕ, ਸਿਆਸੀ, ਖੇਤੀਬਾੜੀ ਤੇ ਖੇਤਰੀ ਪੈਕੇਜ ਦਾ ਐਲਾਨ ਕਰੋਗੇ।

ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧਿਆਨ 1984 ਦੇ ਸਿੱਖ ਕਤੇਆਮ ਦੇ ਹਜ਼ਾਰਾਂ ਪੀੜ੍ਹਤ ਸਿੱਖ ਪਰਿਵਾਰਾਂ ਵੱਲ ਦੁਆਇਆ ਜੋ ਇਨਸਾਫ ਦੀ ਉਡੀਕ ਕਰ ਰਹੇ ਹਨ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰੇ ਫਿਰ ਸੱਚਮੁੱਚ ਸਵਾਗਤਯੋਗ ਹੋਵੇਗਾ ਤੇ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਦਿੱਤੇ ਜ਼ਖ਼ਮਾਂ ’ਤੇ ਮੱਲ੍ਹਮ ਲਾਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਮੌਕੇ ਇਹ ਬੇਨਤੀ ਸਿਰਫ ਤਾਂ ਜੋ ਉਹਨਾਂ ਨੁੰ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਤੇ ਦੇਸ਼ ਦੀ ਭੁਜਾ ਪ੍ਰਤੀ ਉਹਨਾਂ ਦੀਆਂ ਪਵਿੱਤਰ ਜ਼ਿੰਮੇਵਰੀਆਂ ਚੇਤੇ ਕਰਵਾ ਸਕਣ।

ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੁੰ ਤ੍ਰਾਸਦੀ ਵਾਲੇ ਸੰਕਟ ਵਿਚੋਂ ਕੱਢਣ ਵਾਸਤੇ ਪ੍ਰਮੁੱਖ ਖੇਤੀਬਾੜੀ ਆਰਥਿਕ ਪੈਕੇਜ ਦੀ ਮੰਗ ਵੀ ਕੀਤੀ ਕਿਉਂਕਿ ਖੇਤੀਬਾੜੀ ਦੇ ਇਸ ਸੰਕਟ ਨਾਲ ਉਹ ਕਰਜ਼ਈ ਹੋ ਗਏ ਹਨ। ਸੀਨੀਅਰ ਸਿਆਸਤਦਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਹਮੇਸ਼ਾ ਹੀ ਸਵਾਗਤਯੋਗ ਹੈ ਭਾਵੇਂ ਉਹ ਚੋਣਾਂ ਦੇ ਨੇੜੇ ਹੋਣ ਕਾਰਨ ਵਾਜਬ ਨਹੀਂ ਲੱਗਦਾ। ਉਹਨਾ ਕਿਹਾ ਕਿ ਜੇਕਰ ਤੁਸੀਂ ਲੋਕਾਂ ਨੁੰ ਭਰਮਾਉਣ ਦੀ ਥਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਸਿੱਖ ਕੌਮ ਦੇ ਖਿਲਾਫ ਤਕਲੀਫਦੇਹ ਬੇਅਬਦੀ ਦੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਦਾ ਐਲਾਨ ਕਰੋ ਤੇ ਸੁਬੇ ਦੇ ਲੋਕਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਹੱਲ ਕਰੋ।

ਪ੍ਰਕਾਸ਼ ਸਿੰਘ ਬਾਦਲ ਨੇ ਪਧਾਨ ਮੰਤਰੀ ਨੂੰ ਆਖਿਆ ਕਿ ਉਹ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਰਾਈਪੇਰੀਅਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ਦਾ ਨਿਬੇੜਾ ਕਰਨ ਸਮੇਤ ਹੋਰ ਪ੍ਰਮੁੱਖ ਮੰਗਾਂ ਦਾ ਪੰਜਾਬੀਆਂ ਦੀ ਆਸ ਮੁਤਾਬਕ ਨਿਬੇੜਾ ਕਰਨ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦਾ ਘਿਆਨ ਖੇਤੀਬਾੜੀ ਬਾਰੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ 800 ਕਿਸਾਨਾਂ ਦੀ ਸ਼ਹਾਦਤ ਹੋਣ ਵੱਲ ਵੀ ਦੁਆਇਆ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਹਨਾਂ ਦੇ ਪਰਿਵਾਰਾਂ ਦੀ ਮਦਦ ਕਰ ਕੇ ਇਹਨਾਂ ਦੀ ਸ਼ਨਾਖ਼ਤ ਨੂੰ ਮਾਨਤਾ ਦੇਣ।

ਉਹਨਾਂ ਕਿਹਾ ਕਿ ਇਹ ਉਦੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸ਼ਹਾਦਤਾਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੁੰਨਾਂ ਦੇ ਵਿਰੋਧ ਵਿਚ ਹੋਈਆਂ ਹਨ ਅਤੇ ਸਰਕਾਰ ਨੇ ਇਹ ਕਾਨੁੰਨ ਰੱਦ ਕਰਨ ਦੀ ਮੰਗ ਵੀ ਪ੍ਰਵਾਨ ਕੀਤੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਪ੍ਰਧਾਨ ਮੰਤਰੀ ਦਾ ਸੱਚਮੁੱਚ ਨਿੱਘਾ ਸਵਾਗਤ ਕਰਨਗੇ ਜੇਕਰ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਸਹੀ ਇੱਛਾ ਸ਼ਕਤੀ ਵਿਖਾਉਣ।

-PTC News

Related Post