ਨਾਜਾਇਜ਼ ਪਟਾਕਿਆਂ ਦੇ ਗੁਦਾਮ 'ਤੇ ਪੁਲਿਸ ਨੇ ਮਾਰਿਆ ਛਾਪਾ, ਫੜੇ ਲੱਖਾਂ ਦੇ ਪਟਾਕੇ

By  Riya Bawa September 26th 2022 11:43 AM -- Updated: September 26th 2022 11:44 AM

ਗੁਰਦਾਸਪੁਰ: ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦਾ ਕਾਰੋਬਾਰ ਪੂਰੀ ਰਫਤਾਰ ਫੜ ਲੈਂਦਾ ਹੈ। ਰਿਹਾਇਸ਼ੀ ਇਲਾਕਿਆਂ ਵਿਚ ਪਟਾਕਿਆਂ ਦੇ ਭੰਡਾਰ ਕਰਨ ਤੇ ‌ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਪਰ ਇਸਦੇ ਬਾਵਜੂਦ ਕੁਝ ਵਪਾਰੀ ਦੀਵਾਲੀ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਅਤੇ ਗੋਦਾਮਾਂ ਵਿੱਚ ਪਟਾਖੇ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਲੱਖਾਂ ਦਾ ਮੁਨਾਫਾ ਕਮਾਉਂਦੇ ਹਨ। ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਦੀਵਾਲੀ ਤੋਂ ਪਹਿਲਾਂ ਹੀ ਪਟਾਖਿਆਂ ਦਾ ਭੰਡਾਰ ਜਮਾਂ ਕਰਨ ਵਾਲਿਆਂ ਖ਼ਿਲਾਫ਼ ‌ਕਾਰਵਾਈ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰ ਬਿਨ੍ਹਾਂ ਪ੍ਰਸ਼ਾਸਨਿਕ ਮਨਜ਼ੂਰੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਪਟਾਕੇ ਸਟੋਰ ਨਹੀਂ ਕਰਨ ਦਿੱਤੇ ਜਾਣਗੇ।

ਥਾਣਾ ਸਿਟੀ ਪੁਲਿਸ ਨੇ ਗੁਰਦਾਸਪੁਰ ਬਟਾਲਾ ਜੀ.ਟੀ.ਰੋਡ ‘ਤੇ ਸਥਿਤ ਪਟਾਕਿਆਂ ਦੇ ਗੋਦਾਮ ‘ਤੇ ਛਾਪਾ ਮਾਰ ਕੇ ਭਾਰੀ ਮਾਤਰਾ ‘ਚ ਨਜਾਇਜ਼ ਤੌਰ ਰਿਹਾਇਸ਼ੀ ਇਲਾਕੇ ਵਿਚ ਸਟੋਰ ਕੀਤੇ ਲੱਖਾਂ ਰੁਪਏ ਦੇ ਪਟਾਕਿਆਂ ਨੂੰ ਬ੍ਰਾਮਦ ਇਕ ਨੂੰ ਗਿਰਫਤਾਰ ਕੀਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਬਟਾਲਾ ਜੀ.ਟੀ.ਰੋਡ ‘ਤੇ ਸਥਿਤ ਇਕ ਗੁਦਾਮ ਵਿੱਚ ਵਡੀ ਮਾਤਰਾ ਵਿੱਚ ਪਟਾਕਾ ਸਟੋਰ ਕੀਤਾ ਗਿਆ ਹੈ। ਸੀਆਈਏ ਸਟਾਫ਼ ਇੰਚਾਰਜ ਕਪਿਲ ਕੌਸ਼ਲ ਅਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ ਅਤੇ ਲੱਖਾਂ ਰਪਏ ਦੀ ਕੀਮਤ ਦੇ ਪਟਾਕੇ ਜ਼ਬਤ ਕੀਤੇ ਗਏ ਹਨ।

ਪੁਲਿਸ ਦੀ ਕਾਰਵਾਈ ਦੇਰ ਰਾਤ ਤੱਕ ਚਲਦੀ ਰਹੀ ਅਤੇ ਬਾਅਦ ਵਿੱਚ ਦੁਕਾਨ ਦੇ ਸਾਂਝਦਾਰ ਰਾਹੁਲ ਕੁਮਾਰ ਉਰਫ ਹਨੀ ਪੁੱਤਰ ਨਰੇਸ਼ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਟਾਕਿਆਂ ਦੇ ਇਸ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ।

(ਰਵੀ ਬਕਸ਼ ਦੀ ਰਿਪੋਰਟ )

-PTC News

Related Post