ਰਾਹਤ ਲਈ ਸਰਕਾਰ ਨੂੰ ਤੁਰੰਤ ਬੁਨਿਆਦੀ ਸਹੂਲਤਾਂ ਦਾ ਕਰਨਾ ਚਾਹੀਦਾ ਪ੍ਰਬੰਧ - ਬਾਜਵਾ

By  Jasmeet Singh December 12th 2022 06:28 PM -- Updated: December 12th 2022 06:30 PM

ਚੰਡੀਗੜ੍ਹ, 12 ਦਸੰਬਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਪਰਿਵਾਰਾਂ ਲਈ ਕੁੱਝ ਪੁਨਰਵਾਸ ਪ੍ਰੋਗਰਾਮ ਦਾ ਐਲਾਨ ਕਰਨ, ਜਿਨ੍ਹਾਂ ਦੇ ਘਰ ਜਲੰਧਰ ਦੇ ਮਾਡਲ ਟਾਊਨ ਨੇੜੇ ਸਥਿਤ ਲਤੀਫ਼ਪੁਰਾ ਇਲਾਕੇ ਵਿੱਚ ਢਾਹ ਦਿੱਤੇ ਗਏ ਸਨ।

ਬਾਜਵਾ ਨੇ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਘਰ ਢਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਉਲੀਕਿਆ ਜਾਣਾ ਚਾਹੀਦਾ ਸੀ। ਹੁਣ ਇਹ 'ਆਪ' ਸਰਕਾਰ ਦੀ ਵੱਡੀ ਨਾਕਾਮੀ ਹੈ ਕਿਉਂਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ  ਬੇਘਰ ਕਰ ਦਿੱਤਾ ਗਿਆ ਹੈ।

ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਕਰੀਬ 50 ਪਰਿਵਾਰਾਂ ਦੇ ਮੈਂਬਰਾਂ ਨੂੰ ਸੜਕਾਂ ਕਿਨਾਰੇ ਠੰਢੀਆਂ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਬਾਜਵਾ ਨੇ ਅੱਗੇ ਕਿਹਾ "ਪਿਛਲੇ 75 ਸਾਲਾਂ ਤੋਂ ਇਲਾਕੇ ਵਿੱਚ ਰਹਿ ਰਹੇ ਲੋਕ ਬੇਸਹਾਰਾ ਹਨ। ਇਸ ਲਈ, ਤਰਸ ਦੇ ਆਧਾਰ 'ਤੇ, 'ਆਪ' ਸਰਕਾਰ ਨੂੰ ਕੁੱਝ ਪੁਨਰਵਾਸ ਪ੍ਰੋਗਰਾਮਾਂ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਫ਼ੌਰੀ ਰਾਹਤ ਦੇਣ ਲਈ, 'ਆਪ' ਸਰਕਾਰ ਨੂੰ ਘੱਟੋ-ਘੱਟ ਬੁਨਿਆਦੀ ਸਹੂਲਤਾਂ ਜਿਵੇਂ ਭੋਜਨ, ਗੱਦੇ, ਕੰਬਲ, ਤਰਪਾਲ ਜਾਂ ਟੀਨ ਸ਼ੈਲਟਰ ਅਤੇ ਲਈ ਅਸਥਾਈ ਪਖਾਨੇ ਆਦਿ ਦਾ ਪ੍ਰਬੰਧ ਕਰਨਾ ਚਾਹੀਦਾ ਹੈ”।

ਇਹ ਵੀ ਪੜ੍ਹੋ: ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪੁਲਿਸ ਥਾਣੇ ਪਹੁੰਚਿਆ ਮਾਲਕ, ਵੀਡੀਓ ਵਾਇਰਲ

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪਰਿਵਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬਜ਼ੁਰਗ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਅਤੇ ਇੱਥੇ ਵੱਸ ਗਏ। ਪਿਛਲੇ 75 ਸਾਲਾਂ ਤੋਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਨੂੰ ਇਨ੍ਹਾਂ ਘਰਾਂ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਦੇ ਬਜ਼ੁਰਗ 1947 ਵਿੱਚ ਇਸ ਉਮੀਦ ਨਾਲ ਭਾਰਤ ਆਏ  ਸਨ ਕਿ ਉਹ ਆਪਣੇ ਲੋਕਾਂ ਨਾਲ ਜੁੜ ਰਹੇ ਹਨ, ਹੁਣ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਦੇ ਪਰਵਾਰ ਇਸ ਸਦਮੇ ਵਿੱਚੋਂ ਗੁਜ਼ਰ ਰਹੇ ਹਨ।

ਬਾਜਵਾ ਨੇ ਅੱਗੇ ਕਿਹਾ "ਭਗਵੰਤ ਮਾਨ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਇੱਕ ਕਲਿਆਣਕਾਰੀ ਰਾਜ ਵਿੱਚ ਰਹਿੰਦੇ ਹਾਂ। ਨਾਗਰਿਕਾਂ ਦੀ ਭਲਾਈ ਲਈ ਰਾਜ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ"।

Related Post