ਦਿਨੇਸ਼ ਬੱਸੀ ਨੂੰ ਪੁਲਿਸ ਨੇ ਕੀਤਾ ਕਾਬੂ , ਭੜਕੇ ਸਾਥੀਆਂ ਨੇ ਕੀਤਾ ਪ੍ਰਦਰਸ਼ਨ
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵਿਦੇਸ਼ ਭੱਜਣ ਦੇ ਸ਼ੱਕ 'ਚ ਕੀਤਾ ਗ੍ਰਿਫ਼ਤਾਰ
ਦਿਨੇਸ਼ ਬੱਸੀ ਨੂੰ ਪੁਲਿਸ ਨੇ ਕੀਤਾ ਕਾਬੂ : ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਨੇਸ਼ ਬੱਸੀ ਵਿਦੇਸ਼ ਭਜਨ ਦੀ ਫ਼ਿਰਾਕ 'ਚ ਹੈ ਅਤੇ ਜੇਕਰ ਉਸਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਵਿਦੇਸ਼ ਭੱਜਣ 'ਚ ਸਫਲ ਹੋ ਜਾਵੇਗਾ ਅਤੇ ਇਸ ਨਾਲ ਜਾਂਚ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਦਿਨੇਸ਼ ਬੱਸੀ ਗਵਾਹਾਂ ਨੂੰ ਡਰਾ ਧਮਕਾ ਕੇ ਤਫਦੀਸ਼ ਨੂੰ ਪ੍ਰਭਾਵਿਤ ਕਰ ਸਕਦਾ ਸੀ ਜਿਸ ਕਰਕੇ ਉਸਨੂੰ ਹੁਣ ਕਾਬੂ ਕੀਤਾ ਗਿਆ ਹੈ।
ਇਸ ਦੇ ਵਿਰੋਧ 'ਚ ਕਾਂਗਰਸੀ ਕੌਂਸਲਰਾਂ ਤੇ ਹੋਰ ਵਰਕਰਾਂ ਨੇ ਥਾਣਾ ਸਿਵਲ ਲਾਈਨ ਦੇ ਬਾਹਰ ਧਰਨਾ ਦਿੱਤਾ। ਕਾਂਗਰਸੀਆਂ ਦਾ ਕਹਿਣਾ ਸੀ ਕਿ ਪੁਲਿਸ ਨੇ ਦਿਨੇਸ਼ ਬੱਸੀ ਨੂੰ ਸਿਆਸੀ ਦਬਾਅ ਹੇਠ ਗ੍ਰਿਫ਼ਤਾਰ ਕੀਤਾ ਹੈ। ਕੁਝ ਦਿਨ ਪਹਿਲਾਂ ਬੱਸੀ ਦੇ ਪੁੱਤਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਕਾਂਗਰਸੀਆਂ ਦਾ ਦੋਸ਼ ਹੈ ਕਿ ਇਸ ਕੇਸ 'ਚ ਜਾਣਬੁੱਝ ਕੇ ਬੱਸੀ ਦਾ ਨਾਮ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਕਾਂਗਰਸੀਆਂ ਮੁਤਾਬਕ ਪੁਲਿਸ ਦੁਪਹਿਰ 12:30 ਵਜੇ ਬੱਸੀ ਦੇ ਗੋਲਡਨ ਗੇਟ ਸਥਿਤ ਦਫ਼ਤਰ 'ਚ ਪਹੁੰਚੀ ਸੀ। ਬੱਸੀ ਨੂੰ ਕੇਸ ਦੇ ਸਬੰਧ 'ਚ ਪੁੱਛਗਿੱਛ ਲਈ ਥਾਣੇ ਚੱਲਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਦਿਨੇਸ਼ ਬੱਸੀ ਅਤੇ ਉਨ੍ਹਾਂ ਦੇ ਸਾਥੀ ਕਾਂਗਰਸੀ ਥਾਣਾ ਸਿਵਲ ਲਾਈਨ ਪਹੁੰਚੇ।
ਦੱਸ ਦੇਈਏ ਕਿ ਬੱਸੀ ਦੀ ਗ੍ਰਿਫਤਾਰੀ ਥਾਣਾ ਸਿਵਲ ਲਾਈਨ ਵਿੱਚ ਮੁਕੱਦਮਾ ਨੰਬਰ 187 ਤਹਿਤ ਹੋਈ। ਬੀਐਨਐਸ ਦੀਆਂ ਧਾਰਾਵਾਂ 318(4) ਤੇ 61(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਹਿਰਾਸਤ ਵਿੱਚ ਪੁੱਛਗਿੱਛ ਜਾਰੀ ਹੈ।