ਪੰਜਾਬ ਦੇ ਬਿਜਲੀ ਵਿਭਾਗ 'ਚ ਮੁੜ ਤੋਂ ਸ਼ੁਰੂ ਹੋਏਗਾ ਕੰਮ , ਕੱਲ ਖੁੱਲ੍ਹਣਗੇ ਪਾਵਰਕਾਮ ਦੇ ਦਫ਼ਤਰ

By  Kaveri Joshi May 6th 2020 05:49 PM

ਪੰਜਾਬ- ਪੰਜਾਬ ਦੇ ਬਿਜਲੀ ਵਿਭਾਗ 'ਚ ਮੁੜ ਤੋਂ ਸ਼ੁਰੂ ਹੋਏਗਾ ਕੰਮ , ਕੱਲ ਖੁੱਲ੍ਹਣਗੇ ਪਾਵਰਕਾਮ ਦੇ ਦਫ਼ਤਰ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੈ , ਇਸ ਵਿਚਕਾਰ ਪੰਜਾਬ 'ਚ ਕੱਲ੍ਹ ਬਿਜਲੀ ਵਿਭਾਗ ਦੇ ਦਫ਼ਤਰਾਂ 'ਚ ਕੰਮ ਸ਼ੁਰੂ ਹੋ ਜਾਵੇਗਾ । ਪਾਵਰਕਾਮ ਵਲੋਂ ਇਸ ਲਈ ਆਪਣੇ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕੋਵਿਡ-19 ਤੋਂ ਬਚਾਅ ਰੱਖ ਕੇ ਕੰਮ ਕੀਤਾ ਜਾ ਸਕੇ। ਉਪ ਮੰਡਲ ਅਫ਼ਸਰ ਇੰਜੀਨੀਅਰ ਕਮਲਜੀਤ ਸਿੰਘ ਮਾਂਗਟ ਅਨੁਸਾਰ ਬਾਕੀ ਥਾਵਾਂ ਵਾਂਗ ਸਮਰਾਲਾ ਵਿਖੇ ਵੀ ਪਾਵਰਕਾਮ ਦਾ ਦਫਤਰ  ਵੀਰਵਾਰ ਨੂੰ ਖੁੱਲ੍ਹੇਗਾ ।

ਦੱਸ ਦੇਈਏ ਕਿ ਜਿਵੇਂ ਕਿ ਕੱਲ ਯਾਨੀ ਕਿ 7 ਮਈ ਵੀਰਵਾਰ ਤੋਂ ਬਿਜਲੀ ਦੇ ਦਫ਼ਤਰ ਖੁੱਲ ਜਾਣਗੇ ਇਸ ਲਈ ਵਿਭਾਗ ਦੇ ਦਫ਼ਤਰ ਅਤੇ ਇਸ ਵਿਚਲੇ ਸਮਾਨ ਨੂੰ ਰੋਗਾਣੂ-ਮੁਕਤ ਕਰਨ ਦੀ ਹਦਾਇਤ ਜਾਰੀ ਹੋਈ ਹੈ , ਇਸ ਲਈ ਸਾਰੇ ਦਫਤਰਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ।

ਬਿਜਲੀ ਵਿਭਾਗ ਵਲੋਂ ਆਰਥਿਕ ਮੰਦੀ ਦੇ ਹਲਾਤਾਂ ਨੂੰ ਮੁੱਖ ਰੱਖ ਕੇ ਇਹ ਫੈਸਲਾ ਲਿਆ ਗਿਆ ਹੈ । ਬਿਜਲੀ ਵਿਭਾਗ ਦੇ ਦਫ਼ਤਰ ਦੇ ਖੁੱਲਣ 'ਤੇ ਬਿਜਲੀ ਖ਼ਪਤਕਾਰਾਂ ਤੋਂ ਬਿੱਲ ਵਸੂਲਣ ਅਤੇ ਬਾਕੀ ਜ਼ਰੂਰੀ ਕੰਮਕਾਜ ਹੋ ਸਕੇਗਾ।

ਜ਼ਿਕਰਯੋਗ ਹੈ ਕਿ ਵਿਭਾਗ ਵਲੋਂ ਹਦਾਇਤਾਂ ਅਨੁਸਾਰ ਲਿਮਿਟਿਡ ਸਟਾਫ਼ ਨਾਲ ਦਫ਼ਤਰ 'ਚ ਕੰਮ ਕੀਤਾ ਜਾਵੇਗਾ ਅਤੇ ਜ਼ਿਆਦਾਤਰ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ ਕਿ ਕਰਮਚਾਰੀ ਘਰ ਤੋਂ ਕੰਮ ਕਰਨ ਸਕਣ ।  ਜ਼ਿਆਦਾ ਖ਼ਤਰੇ ਵਾਲੇ ਇਲਾਕਿਆਂ 'ਚ ਭਾਵ ਰੈੱਡ ( ਲਾਲ ) ਜ਼ੋਨ 'ਚ ⅓ ਸਟਾਫ਼ ਨੂੰ ਹੀ ਬੁਲਾਇਆ ਜਾਵੇਗਾ । ਇਸ ਤੋਂ ਇਲਾਵਾ ਆਸ-ਪਾਸ ਦੀ ਸ਼ੁੱਧਤਾ ਤੋਂ ਲੈ ਕੇ ਮਾਸਕ ਪਾ ਕੇ ਰੱਖਣ ਦੇ ਨਾਲ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖ ਕੇ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ ।

ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਆਰਥਿਕ ਹਲਾਤਾਂ ਨੂੰ ਵੀ ਡੂੰਘੀ ਸੱਟ ਵੱਜੀ ਹੈ, ਜਿਸਦੇ ਚਲਦੇ ਅਜਿਹੇ ਫੈਸਲੇ ਲਏ ਜਾ ਰਹੇ ਹਨ । ਜਿਵੇਂ ਕਿ ਕੱਲ ਤੋਂ ਬਿਜਲੀ ਵਿਭਾਗ ਦੇ ਦਫ਼ਤਰਾਂ 'ਚ ਮੁੜ ਤੋਂ ਕੰਮ ਸ਼ੁਰੂ ਹੋ ਜਾਵੇਗਾ, ਇਸ ਲਈ ਕਰਮਚਾਰੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ।

Related Post