ਹਜ਼ਾਰ ਰੁਪਏ ਮੰਗਦੀ ਮਹਾਰਾਣੀ ਪਟਿਆਲਾ ਨੂੰ ਚੇਤੇ ਕਰਵਾਏ ਕੈਪਟਨ ਦੇ ਵਾਅਦੇ

By  Jasmeet Singh August 25th 2022 06:36 PM

ਪਟਿਆਲਾ, 25 ਅਗਸਤ: ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਨੂੰ ਕਈ ਸਵਾਲ ਕੀਤੇ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਪਰਿਵਾਰ ਕੋਲੋਂ 20 ਸਾਲਾਂ ਦਾ ਹਿਸਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਪ੍ਰਨੀਤ ਕੌਰ 20 ਸਾਲ ਮੈਂਬਰ ਪਾਰਲੀਮੈਂਟ ਵਜੋਂ ਰਹੇ ਜਦਕਿ ਕੈਪਟਨ ਅਮਰਿੰਦਰ ਸਿੰਘ 2 ਵਾਰ ਮੁੱਖ ਮੰਤਰੀ ਅਤੇ 4 ਵਾਰ ਵਿਧਾਇਕ ਬਣੇ। ਇਸ ਦੇ ਬਾਵਜੂਦ ਪਟਿਆਲਾ ਲਈ ਇੱਕ ਵੀ ਪ੍ਰੋਜੈਕਟ ਨਹੀਂ ਲਿਆਂਦਾ ਬਲਕਿ ਹਰ ਥਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ।

ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਸਮਾਰਟ ਫੋਨ, ਬੇਘਰਾਂ ਨੂੰ ਘਰ, ਹਰ ਘਰ ਨੌਕਰੀ ਸਮੇਤ ਕਈ ਵੱਡੇ ਵਾਅਦੇ ਕੀਤੇ ਸਨ ਜੋ ਇੱਕ ਵੀ ਵਫ਼ਾ ਨਹੀਂ ਹੋਇਆ ਜਦਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਹੁਣ ਤੋਂ ਹੀ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਲੈਂਡ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਸੱਟਾ, ਜੂਆ, ਚਿੱਟਾ ਅਤੇ ਕਸੀਨੋ ਮਾਫੀਆ ਨੇ ਕਈ ਘਰ ਉਜਾੜ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਦਾ ਇੰਨਾ ਵੱਡਾ ਨੁਕਸਾਨ ਕਰਨ ਦੇ ਬਾਵਜੂਦ ਤੁਸੀਂ ਅਜੇ ਵੀ ਕੋਝੀ ਰਾਜਨੀਤੀ ਕਰ ਰਹੇ ਹੋ ਪਰ ਪੰਜਾਬ ਦੇ ਲੋਕ ਹੁਣ ਤੁਹਾਡੇ ’ਤੇ ਵਿਸ਼ਵਾਸ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਤੁਹਾਡੇ ਕਾਰਜਕਾਲ ਦੌਰਾਨ ਪਟਿਆਲਾ ਸ਼ਹਿਰ ਦੀ ਰਾਜਿੰਦਰਾ ਝੀਲ, ਵਾਟਰ ਕੈਨਾਲ ਪ੍ਰੋਜੈਕਟ, ਡੇਅਰੀ ਪ੍ਰੋਜੈਕਟ ਸਮੇਤ ਸਾਰੇ ਪ੍ਰੋਜੈਕਟ ਅਧੂਰੇ ਰਹੇ। ਇੱਥੋਂ ਤਕ ਕਿ ਤੁਹਾਡੇ ਵੱਲੋਂ ਬਣਾਈ ਹੈਰੀਟੇਜ਼ ਸਟਰੀਟ ਅਧਵਾਟੇ ਲਮਕ ਰਹੀ ਹੈ ਜਦਕਿ ਜਿੰਨੀ ਬਣਾਈ ਹੈ ਉਹ ਵੀ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਵਿਭਾਗ ’ਚ ਭਰਤੀ ਕਰਕੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਆਮ ਆਦਮੀ ਕਲੀਨਿਕ ਖੋਲ ਕੇ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਮੁਆਫ਼ੀ ਦਾ ਵਾਅਦਾ ਪੂਰਾ ਕੀਤਾ ਜਾ ਚੁੱਕਾ ਹੈ, ਹੁਣ ਜਲਦੀ ਹੀ 1 ਹਜ਼ਾਰ ਰੁਪਏ ਮਹੀਨਾ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਵੀ ਪੂਰਾ ਕਰ ਦਿੱਤਾ ਜਾਵੇਗਾ।

ਅਜੀਤਪਾਲ ਕੋਹਲੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਸਵਾਲ ਕੀਤਾ ਕਿ ਤੁਸੀਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਦਾ ਹਿਸਾਬ ਮੰਗ ਰਹੇ ਹੋ ਜਦਕਿ ਲੋਕ ਤੁਹਾਡੇ ਤੋਂ 20 ਸਾਲਾਂ ਦਾ ਹਿਸਾਬ ਮੰਗ ਰਹੇ ਹਨ। ਇਸ ਲਈ ਇਹ ਧਰਨੇ ਕਰਕੇ ਡਰਾਮੇਬਾਜ਼ੀ ਤੋਂ ਗੁਰੇਜ਼ ਕਰੋ ਅਤੇ ਲੋਕਾਂ ਨੂੰ ਤੁਹਾਡੇ ਲੀਡਰਾਂ ਵੱਲੋਂ ਕੀਤੇ ਹਜ਼ਾਰ-ਹਜ਼ਾਰ ਕਰੋੜ ਦੇ ਘਪਲਿਆਂ ਦਾ ਹਿਸਾਬ ਦੇਵੋ। ਅਜੀਤਪਾਲ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਲਈ ਵਚਨਬੱਧ ਹੈ, ਜੋ ਜਲਦੀ ਸ਼ੁਰੂ ਹੋ ਜਾਵੇਗਾ। ਉਸ ਤੋਂ ਪਹਿਲਾਂ ਤੁਹਾਡੇ ਲੀਡਰਾਂ ਵੱਲੋਂ ਕੀਤੇ ਘਪਲਿਆਂ ਦਾ ਪਰਦਾਫਾਸ਼ ਕਰਨਾ ਵੀ ਜ਼ਰੂਰੀ ਹੈ।

-PTC News

Related Post