ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ

By  Shanker Badra October 19th 2018 10:36 PM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਅੰਮ੍ਰਿਤਸਰ ਵਿਖੇ ਵਾਪਰੇ ਦੁਖਦਾਈ ਰੇਲ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਤੇ ਜ਼ਖਮੀ ਹੋਣ ਦਾ ਅੰਦੇਸ਼ਾ ਹੈ।ਮੁੱਖ ਮੰਤਰੀ ਨੇ ਅੱਜ ਸ਼ਾਮ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਾ ਸੀ ਅਤੇ ਉਨਾਂ ਨੇ ਆਪਣਾ ਇਹ ਮੁਲਤਵੀ ਕਰ ਦਿੱਤਾ।ਮੁੱਖ ਮੰਤਰੀ ਭਲਕੇ ਸਵੇਰੇ ਅੰਮ੍ਰਿਤਸਰ ਲਈ ਜਾਣਗੇ ਤੇ ਉਥੇ ਦੁਸਹਿਰੇ ਦੇ ਤਿਉਹਾਰ ਦੌਰਾਨ ਵਾਪਰੇ ਹਾਦਸੇ ਨਾਲ ਹੋਏ ਨੁਕਸਾਨ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣ ਤੋਂ ਇਲਾਵਾ ਪੀੜਤਾਂ ਪਰਿਵਾਰਾਂ ਨੂੰ ਵੀ ਮਿਲਣਗੇ।ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ ਭਗਦੜ ਹੋਣ ਨਾਲ ਵਾਪਰੀ ਕਿਉਂਕਿ ਟਰੈਕ ਨੇੜੇ ਰਾਵਣ ਦੇ ਪੁਤਲੇ ਨੂੰ ਜਦੋਂ ਅੱਗ ਲਾਉਣ ਮੌਕੇ ਪਟਾਕੇ ਚੱਲੇ ਤਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਟਰੈਕ ਵੱਲ ਭੱਜਣ ਲੱਗੇ।ਰਿਪੋਰਟਾਂ ਮੁਤਾਬਕ ਰੇਲ ਨੇ ਉਸ ਵੇਲੇ ਟਰੈਕ ’ਤੇ ਖੜੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ।ਉਨਾਂ ਕਿਹਾ ਕਿ ਹੁਣ ਤੱਕ 40 ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।ਹਾਲਾਂਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਰਾਹਤ ਕਾਰਜ ਅਜੇ ਜਾਰੀ ਹਨ।

ਇਸ ਹਾਦਸੇ ਦੇ ਮੱਦੇਨਜ਼ਰ ਸੂਬੇ ਦੇ ਡੀ.ਜੀ.ਪੀ. ਦੀ ਅਗਵਾਈ ਵਿੱਚ ਵਾਧੂ ਪੁਲੀਸ ਫੋਰਸ ਨੂੰ ਘਟਨਾ ਸਥਾਨ ’ਤੇ ਭੇਜ ਦਿੱਤਾ ਗਿਆ ਹੈ।ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਮਾਲ ਤੇ ਮੁੜ ਵਸੇਬਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਪਹਿਲਾਂ ਹੀ ਅੰਮਿ੍ਰਤਸਰ ਵਿਖੇ ਬਚਾਅ ਤੇ ਰਾਹਤ ਕਾਰਜਾਂ ਦੀ ਦੇਖ-ਰੇਖ ਕਰ ਰਹੇ ਹਨ।ਗ੍ਰਹਿ ਸਕੱਤਰ ਅਤੇ ਸਿਹਤ ਸਕੱਤਰ ਸਮੇਤ ਡੀ.ਜੀ.ਪੀ. ਅਮਨ ਤੇ ਕਾਨੂੰਨ ਵੀ ਅੰਮ੍ਰਿਤਸਰ ਲਈ ਰਵਾਨਾ ਚੁੱਕੇ ਹਨ।ਕੈਪਟਨ ਅਮਰਿੰਦਰ ਸਿੰਘ ਨੇ ਇਸ ਦੁਖਦਾਈ ਸਥਿਤੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਵਾਸਤੇ ਲੋੜੀਂਦੇ ਪ੍ਰਸ਼ਾਸਨਕ ਤੇ ਪੁਲੀਸ ਅਮਲੇ ਨੂੰ ਜੰਗੀ ਪੱਧਰ ’ਤੇ ਜੁਟ ਜਾਣ ਦੇ ਹੁਕਮ ਦਿੱਤੇ ਹਨ।ਉਨਾਂ ਨੇ ਮੁੱਖ ਸਕੱਤਰ ਨੂੰ ਲੋੜੀਂਦਾ ਪ੍ਰਸ਼ਾਸਕੀ ਅਮਲਾ ਤਾਇਨਾਤ ਕਰਨ ਦੀ ਹਦਾਇਤ ਕੀਤੀ ਤਾਂ ਕਿ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਛੇਤੀ ਤੋਂ ਛੇਤੀ ਪਹੁੰਚਾਇਆ ਜਾ ਸਕੇ।ਸੂਬਾ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸਾਰੇ ਪ੍ਰਾਈਵੇਟ ਹਸਪਤਾਲ ਵੀ ਖੁੱਲੇ ਰੱਖਣ ਲਈ ਆਖਿਆ ਹੈ,ਜਿੱਥੇ ਜ਼ਖਮੀਆਂ ਨੂੰ ਮੁਫਤ ਇਲਾਜ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਨੇ ਇਸ ਦੁਖਦਾਈ ਘੜੀ ਵਿੱਚ ਉਨਾਂ ਦੀ ਸਰਕਾਰ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਦੁੱਖ ਵਿੱਚ ਡੁੱਬੇ ਕੈਪਟਨ ਅਮਰਿੰਦਰ ਸਿੰਘ ਨੇ ਲੋੜੀਂਦੇ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਹਾਦਸਾਗ੍ਰਸਤ ਵਾਲੀ ਥਾਂ ’ਤੇ ਭੇਜਣ ਦੀ ਹੁਕਮ ਦਿੱਤੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਅਣਕਿਆਸੀ ਸਥਿਤੀ ਨਾਲ ਨਿਪਟਣ ਲਈ ਉਨਾਂ ਦੀ ਸਰਕਾਰ ਜ਼ਿਲਾ ਅਥਾਰਟੀ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ।ਉਨਾਂ ਕਿਹਾ ਕਿ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਵਾਈ ਜਾਵੇਗੀ ਕਿ ਰੇਲਵੇ ਟਰੈਕ ’ਤੇ ਕਿਵੇਂ ਤੇ ਕਿਸ ਨੇ ਪੁਤਲਾ ਸਾੜਣ ਦੀ ਇਜਾਜ਼ਤ ਦਿੱਤੀ।

-PTCNews

Related Post