ਮੁੱਖ ਮੰਤਰੀ ਬੇਅਦਬੀ ਕੇਸ ’ਚ ਅਕਾਲੀ ਲੀਡਰਸ਼ਿਪ ਨੂੰ ਫਸਾਉਣ ਲਈ DGP ’ਤੇ ਦਬਾਅ ਪਾ ਰਹੇ ਹਨ : ਸੁਖਬੀਰ ਸਿੰਘ ਬਾਦਲ

By  Shanker Badra November 7th 2021 07:01 PM

ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਟਕਪੁਰਾ ਫਾਇਰਿੰਗ ਕੇਸ ਵਿਚ ਹਾਈਕੋਰਟ ਦੇ ਕਹਿਣ ’ਤੇ ਬਣਾਈ ਗਈ ਐਸ.ਆਈ.ਟੀ. ਨਾਲ ਰੋਜ਼ਾਨਾ ਆਧਾਰ ’ਤੇ ਮੀਟਿੰਗ ਕਰ ਰਹੇ ਹਨ, ਜਿਸ ਦਾ ਇਕੋ ਇਕ ਮਕਸਦ ਜਾਂਚ ਨੂੰ ਅਕਾਲੀ ਲੀਡਰਸ਼ਿਪ ਦੇ ਖਿਲਾਫ ਪ੍ਰਭਾਵਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਐਸ. ਆਈ. ਟੀ. ਦੇ ਅਫਸਰਾਂ ਨੂੰ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਕੇਸ ਵਿਚ ਅਕਾਲੀ ਲੀਡਰਸ਼ਿਪ ਨੂੰ ਫਸਾਇਆ ਜਾਵੇ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਧਾਰਾ 164 ਸੀ. ਆਰ. ਪੀ. ਸੀ. ਦੇ ਤਹਿਤ ਬਾਦਲ ਪਰਿਵਾਰ ਦੇ ਖਿਲਾਫ ਝੂਠੇ ਬਿਆਨ ਦਰਜ ਕਰਨ।

ਉਨ੍ਹਾਂ ਕਿਹਾ ਕਿ ਮੇਰੇ ਕੋਲ ਪੱਕੀ ਸੂਚਨਾ ਕਿ ਡੀ.ਜੀ.ਪੀ. ਆਈ. ਪੀ. ਐਸ. ਸਹੋਤਾ ਨੂੰ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਦੀ ਪਛਾਣ ਕਰਨ ਜੋ ਕਿ ਇਸ ਮਾਮਲੇ ਵਿਚ ਅਕਾਲੀ ਲੀਡਰਸ਼ਿਪ ਨੂੰ ਫਸਾ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ, ਜਦੋਂ ਪਿਛਲੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ ਤੇ ਤਿੰਨ ਮੈਂਬਰੀ ਨਵੀਂ ਐਸ.ਆਈ.ਟੀ. ਬਣਾਉਣ ਦੀ ਹਦਾਇਤ ਕੀਤੀ ਸੀ ਤੇ ਸਪਸ਼ਟ ਤੌਰ ’ਤੇ ਕਿਹਾ ਸੀ ਕਿ ਐਸ.ਆਈ.ਟੀ. ਦੇ ਕੰਮ ਵਿਚ ਸਰਕਾਰ ਦਖਲ ਨਹੀਂ ਦਵੇਗੀ ਅਤੇ ਐਸ.ਆਈ.ਟੀ. ਸਿੱਧਾ ਅਦਾਲਤ ਨੂੰ ਰਿਪੋਰਟ ਕਰੇਗੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਆਪਣੇ ਤੋਂ ਪਹਿਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਰਾਹ ਤੁਰ ਰਹੇ ਹਨ ਤੇ ਅਜਿਹਾ ਜਾਪਦਾ ਹੈ ਕਿ ਸਿੱਖ ਸੰਗਤ ਨੂੰ ਨਿਆ ਦੇਣਾ ਉਨ੍ਹਾਂ ਦੀ ਤਰਜੀਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਦੋਸ਼ੀ ਫਰਾਰ ਹਨ ਅਤੇ ਕਿਸੇ ਨੂੰ ਵੀ ਅਜੇ ਤੱਕ ਸਜ਼ਾ ਨਹੀਂ ਮਿਲੀ। ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਸੂਬੇ ਵਿਚ ਸਰਕਾਰ ਬਣਨ ’ਤੇ ਇਸ ਮਾਮਲੇ ਵਿਚ ਨਿਆ ਮਿਲਣਾ ਯਕੀਨੀ ਬਣਾਉਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਦੁਖਦਾਈ ਹੈ ਕਿ ਅਸੀਂ ਪਹਿਲਾਂ ਇਸ ਮਾਮਲੇ ਵਿਚ ਨਿਆ ਨਹੀਂ ਦੇ ਸਕੇ।

ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਸਿੱਖ ਸੰਗਤ ਤੋਂ ਮੁਆਫੀ ਮੰਗੀ ਹੈ ਅਤੇ ਹੁਣ ਵੀ ਮੰਗਾਂਗਾ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੋਇਆ ਕਿਉਂਕਿ ਕਾਂਗਰਸ ਪਾਰਟੀ ਨੇ ਸਾਡੇ ’ਤੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰਨ ਦਾ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਇਹ ਕੇਸ ਸੀ.ਬੀ.ਆਈ. ਤੋਂ ਵਾਪਸ ਲੈ ਲਿਆ, ਜਿਸ ਕਾਰਨ ਨਿਆ ਮਿਲਣ ਵਿਚ ਬੇਲੋੜੀਂਦੀ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਦੇ ਨਾਲ-ਨਾਲ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਵੀ ਅਗਲੀ ਅਕਾਲੀ ਬਸਪਾ ਗਠਜੋੜ ਸਰਕਾਰ ਵਿਚ ਇਸ ਕੇਸ ਵਿਚ ਨਿਆ ਮਿਲਣਾ ਉਚ ਤਰਜੀਹ ਮੰਨ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਜੇਕਰ ਮਾਮਲੇ ਵਿਚ ਬੇਦੋਸ਼ੇ ਵਿਅਕਤੀਆਂ ਨੂੰ ਫਸਾਇਆ ਗਿਆ ਤਾਂ ਇਸ ਦੀ ਨਾ ਸਿਰਫ ਨਿਆਇਕ ਜਾਂਚ ਹੋਵੇਗੀ ਬਲਕਿ ਅਜਿਹਾ ਗਲਤ ਕਰਨ ਕੰਮ ਕਰਨ ਵਾਲਿਆਂ ਨੂੰ ਸਜ਼ਾ ਵੀ ਮਿਲੇਗੀ।

ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਸੰਗਤ ਅਤੇ ਪੰਜਾਬੀ ਕੇਸ ਵਿਚ ਨਿਆ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਇਹ ਅਰਦਾਸ ਕੀਤੀ ਸੀ ਕਿ ਜਿਸ ਨੇ ਵੀ ਬੇਅਦਬੀ ਕਰਵਾਈ ਅਤੇ ਜਿਸ ਨੇ ਵੀ ਬੇਅਦਬੀ ’ਤੇ ਰਾਜਨੀਤੀ ਕੀਤੀ, ਉਸ ਦਾ ਕੱਖ ਨਾ ਰਹੇ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਆਪਣੀ ਸਾਰੀ ਮੁਹਿੰਮ ਦਾ ਆਧਾਰ ਹੀ ਬੇਅਦਬੀ ਮਾਮਲਾ ਬਣਾਇਆ ਤੇ ਉਨ੍ਹਾਂ ਦਾ ਕੀ ਹੋਇਆ ਅੱਜ ਲੋਕਾਂ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਹੁਣ ਉਹੀ ਕੁੱਝ ਕਰ ਰਹੀ ਹੈ ਤੇ ਉਸ ਦਾ ਵੀ ਉਹੀ ਹਸ਼ਰ ਹੋਵੇਗਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਵੀ ਹਾਜ਼ਰ ਸਨ।

-PTCNews

Related Post