ਮੁੱਖ ਮੰਤਰੀ ਵੱਲੋਂ ਲੋਕਾਂ ਦਾ ਜ਼ਾਬਤੇ ਵਿੱਚ ਰਹਿਣ ਲਈ ਧੰਨਵਾਦ; ਭਾਰਤ ਬੰਦ ਕਾਰਨ ਮੁਸ਼ਕਲਾਂ ਝੱਲਣ ਵਾਲਿਆਂ 'ਤੇ ਖੇਦ ਜਤਾਇਆ

By  Joshi April 2nd 2018 09:22 PM

ਮੁੱਖ ਮੰਤਰੀ ਵੱਲੋਂ ਲੋਕਾਂ ਦਾ ਜ਼ਾਬਤੇ ਵਿੱਚ ਰਹਿਣ ਲਈ ਧੰਨਵਾਦ; ਭਾਰਤ ਬੰਦ ਕਾਰਨ ਮੁਸ਼ਕਲਾਂ ਝੱਲਣ ਵਾਲਿਆਂ 'ਤੇ ਖੇਦ ਜਤਾਇਆ

· ਸੁਰੱਖਿਆ ਬਲਾਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਸ਼ਾਂਤੀ ਕਾਇਮ ਰੱਖਣ ਲਈ ਵਰਤੇ ਇਹਤਿਆਤ ਦੀ ਕੀਤੀ ਸ਼ਲਾਘਾ

· ਗੁਆਂਢੀ ਸੂਬਿਆਂ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਕਾਰਨ ਪੁਲਿਸ ਤੇ ਨੀਮ ਫੌਜੀ ਦਸਤਿਆਂ ਨੂੰ ਚੌਕਸ ਰਹਿਣ ਲਈ ਕਿਹਾ

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਐਸ.ਸੀ./ਐਸ.ਟੀ. ਜਥੇਬੰਦੀਆਂ ਵੱਲੋਂ ਦਿੱਤੇ 'ਭਾਰਤ ਬੰਦ' ਦੇ ਸੱਦੇ ਦੌਰਾਨ ਜ਼ਾਬਤੇ ਵਿੱਚ ਰਹਿੰਦਿਆਂ ਸੂਬੇ ਵਿੱਚ ਅਮਨ, ਕਾਨੂੰਨ ਤੇ ਸ਼ਾਂਤੀ ਕਾਇਮ ਰੱਖੀ | ਇਸੇ ਤਰ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਵਿੱਚ ਭਾਈਚਾਰਕ ਏਕਤਾ ਅਤੇ ਸ਼ਾਂਤੀ ਕਾਇਮ ਰੱਖਣ ਲਈ ਵਰਤੇ ਇਹਤਿਹਾਤ ਦੀ ਵੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਜਿਨਾਂ ਬਦੌਲਤ ਵਿੱਚ ਸੂਬੇ ਵਿੱਚ ਇੱਕ-ਦੁੱਕਾ ਛੋਟੀਆਂ ਘਟਨਾਵਾਂ ਨੂੰ ਛੱਡ ਕੇ 'ਭਾਰਤ ਬੰਦ' ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਰਿਹਾ | ਇਸ ਦੇ ਨਾਲ ਹੀ ਮੱੁਖ ਮੰਤਰੀ ਨੇ ਕੁੱਝ ਗੁਆਂਢੀ ਸੂਬਿਆਂ ਜਿਵੇਂ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਵਿੱਚ ਅੱਜ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਦੇਖਦਿਆਂ ਸੁਰੱਖਿਆ ਬਲਾਂ ਨੂੰ ਹੋਰ ਇਹਤਿਹਾਤ ਵਜੋਂ ਹਾਲੇ ਵੀ ਚੌਕਸ ਰਹਿਣ ਲਈ ਵੀ ਕਿਹਾ ਹੈ |

ਕੈਪਟਨ ਅਮਰਿੰਦਰ ਸਿੰਘ ਜੋ ਖੁਦ ਸਾਰਾ ਦਿਨ ਸਥਿਤੀ 'ਤੇ ਨਜ਼ਰ ਰੱਖ ਰਹੇ ਸਨ, ਨੇ ਕਿਹਾ ਕਿ ਸੂਬੇ ਵਿੱਚ ਦਲਿਤ ਮੁੱਦਿਆਂ 'ਤੇ ਹਿੰਸਕ ਅੰਦੋਲਨਾਂ ਦੇ ਇਤਿਹਾਸ ਦੇ ਬਾਵਜੂਦ ਪੰਜਾਬ ਵਿੱਚ ਕੁੱਲ ਮਿਲਾ ਕੇ ਸ਼ਾਂਤੀ ਬਣੀ ਰਹੀ ਜਿਸ ਦਾ ਸਿਹਰਾ ਸੁਰੱਖਿਆ ਬਲਾਂ ਵੱਲੋਂ ਚੁੱਕੇ ਇਹਤਿਹਾਤੀ ਕਦਮਾਂ ਨੂੰ ਜਾਂਦਾ ਹੈ | ਮੁੱਖ ਮੰਤਰੀ ਨੇ ਪੁਲਿਸ ਦੇ ਨਾਲ ਕੇਂਦਰੀ ਅਰਧ ਸੈਨਿਕ ਪਲਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੂਬੇ ਵਿੱਚ 500 ਤੋਂ ਵੱਧ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਵਧੀਆ ਤੇ ਸ਼ਾਂਤਮਈ ਤਰੀਕੇ ਨਾਲ ਸਿੱਜਿਆ ਜਿੱਥੇ ਉਹ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕਰ ਰਹੇ ਸਨ |

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਅੱਜ ਪ੍ਰਦਰਸ਼ਨਕਾਰੀਆਂ ਵੱਲੋਂ ਕੁੱਝ ਜਗ੍ਹਾਂ 'ਤੇ ਰੇਲਵੇ ਅਤੇ ਸੜਕੀ ਆਵਾਜਾਈ ਨੂੰ ਰੋਕਿਆ ਗਿਆ ਪ੍ਰੰਤੂ ਉਹ ਸੁਰੱਖਿਆ ਬਲਾਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਉਦਮਾਂ ਦੀ ਸ਼ਲਾਘਾ ਕਰਦੇ ਹਨ ਜਿਨ੍ਹਾਂ ਨੇ ਆਪਣੀ ਕਾਰਜਸ਼ੈਲੀ ਅਤੇ ਹਿੰਮਤ ਸਦਕਾ ਅਜਿਹੀ ਸਥਿਤੀ ਦੇ ਬਾਵਜੂਦ ਸਥਿਤੀ ਨੂੰ ਜਲਦ ਹੀ ਆਮ ਵਰਗਾ ਕਰ ਦਿੱਤਾ ਗਿਆ | ਉਨ੍ਹਾਂ ਅਜਿਹੀਆਂ ਕੁਝ ਘਟਨਾਵਾਂ ਕਾਰਨ ਲੋਕਾਂ ਨੂੰ ਪੇਸ਼ ਆਈਆਂ ਔਕੜਾਂ 'ਤੇ ਖੇਦ ਵੀ ਪ੍ਰਗਟਾਇਆ |

ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਜਿੱਥੇ ਜਾਮ ਲਗਾਇਆ ਗਿਆ ਉਨ੍ਹਾਂ ਵਿੱਚ 10 ਥਾਵਾਂ 'ਤੇ ਰੇਲਵੇ ਟਰੈਕ, ਮੁੱਖ ਸੜਕੀ ਮਾਰਗਾਂ (ਕੌਮੀ ਤੇ ਰਾਜ ਮਾਰਗ ਸਮੇਤ) 'ਤੇ 11 ਵੱਡੇ ਜਾਮ ਅਤੇ 12 ਛੋਟੇ ਜਾਮ ਸ਼ਾਮਲ ਸਨ | ਇਸ ਤੋਂ ਇਲਾਵਾ 3-4 ਥਾਵਾਂ 'ਤੇ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਜਿਨ੍ਹਾਂ ਵਿੱਚ ਮਾਨਸਾ ਵਿੱਚ ਸਿਵਲ ਵਰਦੀ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ |

ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਅਪੀਲ ਮੰਨਦਿਆਂ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਅਤੇ ਸਥਿਤੀ ਨੂੰ ਕੰਟਰੋਲ ਤੋਂ ਬਾਹਰ ਨਹੀਂ ਜਾਣ ਦਿੱਤਾ ਜਿਵੇਂ ਕਿ 2009 ਵਿੱਚ ਹੋਇਆ ਸੀ ਜਦੋਂ ਵਿਆਨਾ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਦੇ ਸੰਤ ਉਪਰ ਹਮਲੇ ਬਾਅਦ ਪੰਜਾਬ ਵਿੱਚ ਵੱਡੇ ਪੱਧਰ 'ਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ ਜਿਸ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ |

ਅੱਜ 'ਭਾਰਤ ਬੰਦ' ਦੌਰਾਨ ਪੰਜਾਬ ਸਰਕਾਰ ਵੱਲੋਂ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਰੱਖਣ ਦੇ ਫੈਸਲੇ 'ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਵਿਜੇ ਸਾਂਪਲਾ ਦੇ ਭੜਕਾਊ ਤੇ ਗੁਮਰਾਹਕੁੰਨ ਬਿਆਨ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ 2009 ਵਿੱਚ ਸੂਬੇ ਵਿੱਚ ਸੱਤਾਧਾਰੀ ਅਕਾਲੀ ਦਲ-ਭਾਜਪਾ ਸਰਕਾਰ ਨੇ ਅਜਿਹੇ ਲੋੜੀਂਦੇ ਇਹਤਿਹਾਤ ਰੱਖੇ ਹੁੰਦੇ ਤਾਂ ਸੂਬੇ ਵਿੱਚ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰਦੀ |

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨਿਕ ਅਤੇ ਕਾਨੂੰਨੀ ਤੌਰ 'ਤੇ ਢੁਕਵੇਂ ਹੱਲ ਸੁਝਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ | ਇਸ ਤੋਂ ਬਿਨਾਂ ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਕੇਂਦਰ ਸਰਕਾਰ ਵੱਲੋਂ ਅੱਜ ਪਾਈ ਰੀਵਿਊ ਪਟੀਸ਼ਨ ਦਾ ਫੈਸਲਾ ਆਉਣ ਤੱਕ ਦਲਿਤ ਵਰਗ ਨੂੰ ਸ਼ਾਂਤੀਪੂਰਵਕ ਉਡੀਕ ਕਰਨ ਦੀ ਅਪੀਲ ਵੀ ਕੀਤੀ |

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਭਰੋਸਾ ਪ੍ਰਗਟਾਇਆ ਕਿ ਸੂਬੇ ਦੀ ਏਕਤਾ, ਅਖੰਡਤਾ ਤੇ ਸ਼ਾਂਤੀ ਬਣਾਏ ਰੱਖਣ ਲਈ ਕਿਸੇ ਵੀ ਕੀਮਤ ਉੱਤੇ ਸਮਝੌਤਾ ਨਹੀਂ ਕੀਤਾ ਜਾਵੇਗਾ |

—PTC News

Related Post