ਸਾਵਧਾਨ ! ਦੀਵਾਲੀ ਵਾਲੇ ਦਿਨ ਅਜਿਹਾ ਕੰਮ ਕਰਨ 'ਤੇ ਜਾਣਾ ਪੈ ਸਕਦਾ ਜੇਲ੍ਹ

By  Shanker Badra November 7th 2018 04:15 PM

ਸਾਵਧਾਨ ! ਦੀਵਾਲੀ ਵਾਲੇ ਦਿਨ ਅਜਿਹਾ ਕੰਮ ਕਰਨ 'ਤੇ ਜਾਣਾ ਪੈ ਸਕਦਾ ਜੇਲ੍ਹ:ਇਸ ਵਾਰ ਦੀਵਾਲੀ ਮੌਕੇ ਦੋ ਘੰਟਿਆਂ ਦੇ ਮਿੱਥੇ ਸਮੇਂ ਤੋਂ ਬਾਅਦ ਪਟਾਕੇ ਨਾ ਚਲਾਉਣ ਦੀ ਇਜਾਜ਼ਤ ਨਾ ਦੇਣ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰੀਜਨਲ ਅਫਸਰਾਂ ਨੂੰ ਇਨ੍ਹਾਂ ਹਦਾਇਤਾਂ ਦੇ ਅਮਲ ਲਈ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ।ਵਾਤਾਵਰਣ ਅਤੇ ਮੌਸਮ ਤਬਦੀਲੀ ਵਿਭਾਗ ਦੇ ਡਾਇਰੈਕਟਰ ਕੇ.ਐਸ. ਪੰਨੂ ਨੇ ਦੱਸਿਆ ਕਿ ਦੀਵਾਲੀ ਤੇ ਗੁਰਪੁਰਬ ਮੌਕੇ ਬੇਮੁਹਾਰੇ ਪਟਾਕੇ ਚੱਲਣ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵਧਣ ਖਾਸ ਕਰਕੇ ਸਰਦ ਰੁੱਤ ਦੌਰਾਨ ਵਧਣ ਦੇ ਮੱਦੇਨਜ਼ਰ ਇਸ ਸਮੱਸਿਆ ਦੀ ਰੋਕਥਾਮ ਲਈ ਸਖਤ ਕਦਮ ਚੁੱਕਣ ਦੀ ਫੌਰੀ ਲੋੜ ਹੈ। ਉਨ੍ਹਾਂ ਨੇ ਸਾਰੀਆਂ ਸਬੰਧਤ ਅਥਾਰਟੀਆਂ ਨੂੰ ਦੀਵਾਲੀ ਵਾਲੀ ਰਾਤ 8 ਵਜੇ ਤੋਂ 10 ਵਜੇ ਤੱਕ ਦੇ ਪ੍ਰਵਾਨਿਤ ਸਮੇਂ ਤੋਂ ਬਗੈਰ ਬਾਕੀ ਸਮੇਂ ਵਿੱਚ ਪਟਾਕੇ ਚਲਾਉਣ ਨੂੰ ਰੋਕਣ ਲਈ ਸਖ਼ਤ ਚੌਕਸੀ ਵਰਤਣ ਲਈ ਆਖਿਆ ਹੈ।ਉਨ੍ਹਾ ਕਿਹਾ ਕਿ ਜੇਕਰ ਕੋਈ ਉਲੰਘਣਾ ਹੋਈ ਤਾਂ ਸਬੰਧਤ ਥਾਣੇ ਦਾ ਮੁਖੀ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਵੇਗਾ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਪੰਨੂ ਨੇ ਅੱਗੇ ਦੱਸਿਆ ਕਿ ਇਹ ਪਟਾਕੇ ਨਾ ਸਿਰਫ ਹਾਨੀਕਾਰਕ ਪ੍ਰਭਾਵ ਛੱਡਦੇ ਹਨ ਸਗੋਂ ਵਿਸ਼ੇਸ਼ ਮਾਦਾ (ਪੀ.ਐਮ.) ਛੱਡਦੇ ਹਨ,ਜਿਸ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ 2.5 ਪੀ.ਐਮ. ਤੋਂ ਵਧ ਕੇ 10 ਪੀ.ਐਮ. ਹੋ ਜਾਂਦਾ ਹੈ।ਇਹ ਗੈਸਾਂ ਅਤੇ ਪੀ.ਐਮ. 2.5 ਸਾਡੇ ਫੇਫੜਿਆਂ ਵਿੱਚ ਸਿੱਧੇ ਤੌਰ 'ਤੇ ਦਾਖਲ ਹੋ ਜਾਂਦੇ ਹਨ ਜੋ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਸਾਲ 2015 ਦੀ ਸਿਵਲ ਰਿੱਟ ਪਟੀਸ਼ਨ ਨੰਬਰ 728 ਵਿੱਚ ਦੀਵਾਲੀ ਤੇ ਗੁਰਪੁਰਬ ਦੀ ਰਾਤ 8 ਵਜੇ ਤੋਂ ਪਹਿਲਾਂ ਅਤੇ 10 ਵਜੇ ਤੋਂ ਬਾਅਦ ਹਰੇਕ ਤਰ੍ਹਾਂ ਦੇ ਪਟਾਕੇ ਚਲਾਉਣ ਦੀ ਪਾਬੰਦੀ ਲਾਈ ਗਈ ਹੈ। ਇਸੇ ਤਰ੍ਹਾਂ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਅੱਧੀ ਰਾਤ 12 ਵਜੇ ਦੇ ਕਰੀਬ ਅਜਿਹੇ ਪਟਾਕੇ ਚਲਾਏ ਜਾਂਦੇ ਹਨ ਅਤੇ ਹੁਣ ਸਿਰਫ ਰਾਤ 11.55 ਵਜੇ ਤੋਂ 12.30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। -PTCNews

Related Post