ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਿੰਗ ਪ੍ਰਕਿਰਿਆ ਹੋਈ ਸ਼ੁਰੂ

By  Shanker Badra September 19th 2018 08:38 AM -- Updated: September 19th 2018 08:41 AM

ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਿੰਗ ਪ੍ਰਕਿਰਿਆ ਹੋਈ ਸ਼ੁਰੂ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਹੋਣ ਜਾ ਰਹੀਆਂ ਹਨ।ਜਿਸ ਦੇ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪੰਜਾਬ 'ਚ 22 ਜ਼ਿਲ੍ਹਾ ਪ੍ਰੀਸ਼ਦਾਂ ਲਈ 354 ਮੈਂਬਰ ਅਤੇ150 ਬਲਾਕ ਸੰਮਤੀਆਂ ਲਈ 2,900 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਿਤ 1,27,87,395 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 66,88,245 ਮਰਦ, 60,99,053 ਅੌਰਤਾਂ ਅਤੇ 97 ਕਿੱਨਰ ਹਨ।ਸੂਬੇ ਵਿੱਚ ਪਹਿਲੀ ਵਾਰੀ ਇਨ੍ਹਾਂ ਚੋਣਾਂ ਦੌਰਾਨ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਵੀ ਦਿੱਤਾ ਜਾਣਾ ਹੈ।

ਇਸ ਵਾਰ ਦੀਆਂ ਚੋਣਾਂ ਵਿਚ ਖਾਸ ਗੱਲ ਇਹ ਹੋਵੇਗੀ ਕਿ ਚੋਣਾਂ ਮਸ਼ੀਨਾਂ ਦੀ ਥਾਂ ਹੁਣ ਬੈਲਟ ਬਾਕਸ ਰਾਹੀਂ ਹੋਣਗੀਆਂ ਤੇ ਪਹਿਲੀ ਵਾਰ 'ਨੋਟਾ' ਵਾਲਾ ਖਾਨਾ ਬੈਲਟ ਪੇਪਰਾਂ 'ਚ ਹੀ ਹੋਵੇਗਾ।ਜ਼ਿਕਰਯੋਗ ਹੈ ਕਿ ਸੂਬੇ 'ਚ 22 ਜ਼ਿਲ੍ਹਾ ਪ੍ਰੀਸ਼ਦਾਂ ਲਈ 855 ਅਤੇ 150 ਪੰਚਾਇਤ ਸੰਮਤੀਆਂ ਲਈ 6028 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਦੱਸ ਦੇਈਏ ਕਿ ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ 22 ਸਤੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

-PTCNews

Related Post