ਰਾਜਪੁਰਾ ਜ਼ਹਿਰੀਲੀ ਸ਼ਰਾਬ ਮਾਮਲੇ 'ਚ SHO ਸਸਪੈਂਡ, 4 ਨੂੰ 'ਕਾਰਨ ਦੱਸੋ ਨੋਟਿਸ' ਜਾਰੀ

By  Jagroop Kaur December 9th 2020 04:56 PM

ਰਾਜਪੁਰਾ ਬਾਈਪਾਸ ਦੇ ਨੇੜੇ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਦਾ ਖੁਲਾਸਾ ਹੋਇਆ, ਤਾਂ ਪਹਿਲਾ ਸਵਾਲ ਇਹੀ ਉੱਠਿਆ, ਕਿ ਆਖਿਰ ਪੰਜਾਬ ਦੇ ਮੁੱਖਮੰਤਰੀ ਦੇ ਜਿਲ੍ਹੇ ਤੋਂ ਕਿਵੇਂ ਇੱਕ ਸਾਲ ਵਿੱਚ 2 ਵਾਰ ਅਜਿਹੇ ਮਾਮਲੇ ਸਾਹਮਣੇ ਆ ਸਕਦੇ ਨੇ| ਦਰਅਸਲ ਮੰਗਲਵਾਰ ਦੀ ਰਾਤ ਐਕਸਾਈਜ਼ ਵਿਭਾਗ ਵੱਲੋਂ ਰਾਜਪੁਰਾ ਬਾਈਪਾਸ ਦੇ ਨੇੜੇ ਸਕਾਲਰ ਫੀਲਡ ਸਕੂਲ ਦੇ ਸਾਹਮਣੇ ਇੱਕ ਗੁਦਾਮ ਵਿੱਚ ਛਾਪੇਮਾਰੀ ਕੀਤੀ ਗਈ |ਐਕਸਾਈਜ਼ ਵਿਭਾਗ ਦੀ ਟੀਮ ਉਸ ਟੈਂਕਰ ਦਾ ਪਿੱਛਾ ਕਰ ਰਹੀ ਸੀ| ਜੋ ਪਟਿਆਲਾ ਦੇ ਸਮਾਣਾ ਹਲਕੇ ਤੋਂ ਈਐੱਨਏ ਯਾਨੀ ਐਕਸਟ੍ਰਾ ਨਿਉਟ੍ਰਲ ਈਥਾਨੋਲ ਲੈ ਕੇ ਨਿਕਲਿਆ ਸੀ| 

ਟੈਂਕਰ ਚ ਲੱਗੇ ਜੀਪੀਐੱਸ ਦੇ ਜ਼ਰੀਏ ਐਕਸਾਈਜ਼ ਵਿਭਾਗ ਨੇ ਟੈਂਕਰ ਨੂੰ ਟ੍ਰੈਕ ਕੀਤਾ| ਛਾਪੇਮਾਰੀ ਦੌਰਾਨ ਇਸ ਫੈਕਟਰੀ ਚੋਂ ਈ.ਐਨ.ਏ. ਨਾਲ ਭਰਿਆ 20 ਹਜ਼ਾਰ ਲੀਟਰ ਦਾ ਟੈਂਕਰ, ਪੰਜਾਬ ਰਸੀਲਾ ਸੰਤਰਾ ਮਾਰਕਾ ਦੇਸ਼ੀ ਸ਼ਰਾਬ, ਕਰੀਬ 43 ਪੇਟੀਆਂ ਤਿਆਰ ਜਾਅਲੀ ਸ਼ਰਾਬ, ਲੇਬਲਜ਼, ਢੱਕਣ ਤੇ ਸੀਲਿੰਗ ਮਸ਼ੀਨ ਬਰਾਮਦ ਕੀਤਾ ਹੈ| ਇੰਨਾ ਹੀ ਨਹੀਂ ਮੌਕੇ ਤੋਂ ਪਲਾਂਟ ਚਲਾਉਣ ਵਾਲਾ ਸਰਗਨਾ ਦੀਪੇਸ਼ ਗ੍ਰੋਵਰ ਅਤੇ ਸ਼ਰਾਬ ਖਰੀਦਣ ਆਇਆ ਸ਼ਖ਼ਸ ਕਾਰਜ ਸਿੰਘ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ|

ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਚ ਫੜਿਆ ਗਿਆ ਮੁਲਜ਼ਮ ਦੀਪੇਸ਼ ਗ੍ਰੋਵਰ ਪਹਿਲਾਂ ਵੀ ਸ਼ੰਭੂ ਬਾਰਡਰ ਦੇ ਨਜ਼ਦੀਕ ਜਾਅਲੀ ਸ਼ਰਾਬ ਦੀ ਫੈਕਟ੍ਰੀ ਚਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਤੇ ਜ਼ਮਾਨਤ ਤੇ ਬਾਹਰ ਸੀ, ਇਸ ਖੁਲਾਸੇ ਤੋਂ ਬਾਅਦ ਇਹ ਸਵਾਲ ਵੀ ਉੱਠਦਾ ਹੈ ਕਿ ਆਖਿਰ ਕਿਵੇਂ ਇੱਕ ਸ਼ਖ਼ਸ ਜਿਸ ਗੈਰਕਾਨੂੰਨੀ ਕੰਮ ਲਈ ਜੇਲ੍ਹ ਜਾਂਦਾ ਹੈ, ਉਹ ਬੇਖੌਫ ਹੋ ਕੇ ਕੁੱਝ ਮਹੀਨਿਆਂ ਦੇ ਅੰਤਰ ਵਿੱਚ ਉਹੀ ਕੰਮ ਮੁੜ ਸ਼ੁਰੂ ਕਰਦਾ ਹੈ, ਤਾਂ ਕੀ ਉਸਦੇ ਪਿੱਛੇ ਕੋਈ ਵੱਡੀ ਸਿਆਸੀ ਸ਼ਹਿ ਸੀ|

ਇਸ ਸਵਾਲ ਦਾ ਜਵਾਬ ਭਾਵੇਂ ਹੀ ਹਾਲੇ ਨਾ ਮਿਲਿਆ ਹੋਵੇ, ਪਰ ਇਸ ਮੁਲਜ਼ਮ ਦੀਪੇਸ਼ ਗ੍ਰੋਵਰ ਦੀ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਕੁੱਝ ਤਸਵੀਰਾਂ ਜ਼ਰੂਰ ਵਾਇਰਲ ਹੋ ਰਹੀਆਂ ਨੇ|

ਰਾਜਪੁਰਾ ਸਿਟੀ ਥਾਣੇ ਦੇ ਤਹਿਤ ਆਉਂਦੇ ਇਸ ਮਾਮਲੇ ਵਿੱਚ ਫੜ੍ਹੇ ਗਏ ਮੁਲਜ਼ਮਾਂ ਖਿਲਾਫ ਤਾਂ ਕਾਰਵਾਈ ਕੀਤੀ ਹੀ ਜਾ ਰਹੀ ਹੈ, ਪਰ ਥਾਣੇ ਦੇ ਐੱਸਐੱਚਓ ਨੂੰ ਐੱਸਐੱਸਪੀ ਵੱਲੋਂ ਲਾਪਰਵਾਹੀ ਦੇ ਚਲਦਿਆਂ ਮੁਅੱਲਤ ਕਰ ਦਿੱਤਾ ਗਿਆ ਹੈ, ਤੇ ਇਸਦੇ ਨਾਲ ਹੀ ਕੁੱਝ ਹੋਰ ਅਧਿਕਾਰੀਆਂ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ | ਸਾਫ ਹੈ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਆਪਣੇ ਵੱਲੋਂ ਮਾਮਲੇ ਵਿੱਚ ਪੂਰੀ ਅਤੇ ਨਿਰਪੱਖ ਕਾਰਵਾਈ ਕਰਨ ਦਾ ਦਾਅਵਾ ਕਰ ਰਹੇ ਨੇ,ਐਕਸਾਈਜ਼ ਵਿਭਾਗ ਦੇ ਲਈ ਇਹ ਖੁਲਾਸਾ ਇੱਕ ਵੱਡੀ ਕਾਮਯਾਬੀ ਵੀ ਹੈ, ਪਰ ਇੱਕ ਮੁਲਜ਼ਮ ਦੇ ਦੋ ਵਾਰ ਇੱਕੋ ਜਿਹੇ ਮਾਮਲਿਆਂ ਚ ਗ੍ਰਿਫਤਾਰ ਹੋਣਾ ਕਈ ਵੱਡੇ ਸਵਾਲ ਜ਼ਰੂਰ ਖੜ੍ਹੇ ਕਰਦਾ ਹੈ|

Related Post